ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 2 ਮਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਜਰਮਨ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕਰਨ ਅਤੇ ਅਕਾਦਮਿਕ ਮੌਕੇ ਵਧਾਉਣ ਹਿਤ ਜਰਮਨ ਸੱਭਿਆਚਾਰਕ ਸੰਸਥਾ ਗੋਏਥੇ-ਇੰਸਟੀਚਿਊਟ/ਮੈਕਸ ਮੂਲਰ ਭਵਨ ਨਾਲ ਸਮਝੌਤਾ ਸਹੀਬੰਦ ਕੀਤਾ ਹੈ। ਅੱਜ ਇੱਥੇ ਇਸ ਸਮਝੌਤੇ ਦੇ ਪੱਤਰ ’ਤੇ ਵਾਈਸ ਚਾਂਸਲਰ ਪ੍ਰੋ (ਡਾ.) ਜਸਪਾਲ ਸਿੰਘ ਸੰਧੂ ਅਤੇ ਸ੍ਰੀ ਥਾਮਸ ਗੋਡੇਲ, ਡਾਇਰੈਕਟਰ ਭਾਸ਼ਾ ਪ੍ਰੋਗਰਾਮ ਦੱਖਣੀ ਏਸ਼ੀਆ, ਗੋਏਥੇ-ਇੰਸਟੀਚਿਊਟ, ਨਵੀਂ ਦਿੱਲੀ ਨੇ ਹਸਤਾਖ਼ਰ ਕੀਤੇ ਹਨ। ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਯੂਨੀਵਰਸਿਟੀ ਇੰਡਸਟਰੀ ਲਿੰਕੇਜ ਸੈੱਲ ਦੇ ਡਾਇਰੈਕਟਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਮੁਖੀ, ਡਾ. ਮੋਹਨ ਕੁਮਾਰ ਤੋਂ ਇਲਾਵਾ ਸ੍ਰੀਮਤੀ ਪੁਨੀਤ ਕੌਰ, ਸ੍ਰੀਮਤੀ ਸੋਨਾਲੀ ਸਹਿਗਲ, ਪ੍ਰੋਗਰਾਮ ਮੈਨੇਜਰ, ਨੈੱਟਵਰਕ ਐਕਸਪੈਂਸ਼ਨ ਹਾਜ਼ਰ ਸਨ। ਇਸ ਤੋਂ ਪਹਿਲਾਂ, ਸ੍ਰੀ ਥਾਮਸ ਗੋਡੇਲ, ਸ੍ਰੀਮਤੀ ਪੁਨੀਤ ਕੌਰ ਅਤੇ ਸ੍ਰੀਮਤੀ ਸੋਨਾਲੀ ਸਹਿਗਲ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਵਫਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ। ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਗੋਏਥੇ-ਇੰਸਟੀਚਿਊਟ ਨੇ ਯੂਨੀਵਰਸਿਟੀ ਦੇ ਸੰਭਾਵੀ ਉਮੀਦਵਾਰਾਂ ਲਈ ਪ੍ਰੀਖਿਆ ਫੀਸ ਵਿੱਚ ਢੁਕਵੀਂ ਛੋਟ ਦੇਣ ਲਈ ਸਹਿਮਤੀ ਵੀ ਦਿੱਤੀ ਹੈ। ਭਾਰਤ ਲਈ ਦੱਖਣੀ ਏਸ਼ੀਆ ਦੇ ਭਾਸ਼ਾ ਪ੍ਰੋਗਰਾਮਾਂ ਦੇ ਡਾਇਰੈਕਟਰ ਸ੍ਰੀ ਥਾਮਸ ਗੋਡੇਲ ਨੇ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇਹ ਭਾਸ਼ਾਈ ਭਾਈਵਾਲੀ ਭਵਿੱਖ ਵਿੱਚ ਸਿਰਫ ਜਰਮਨੀ ਹੀ ਨਹੀਂ, ਸਗੋਂ ਯੂਰਪੀ ਸੰਘ ਦੇ ਕਈ ਦੇਸ਼ਾਂ ਲਈ ਨੌਕਰੀ ਦੇ ਮੌਕਿਆਂ ਲਈ ਰਾਹ ਖੋਲ੍ਹੇਗਾ।