ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਨਵੰਬਰ
‘ਆਪ’ ਦੇ ਯੂਥ ਪ੍ਰਧਾਨ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਰੈਲੀ ਦੌਰਾਨ ਦੋਸ਼ ਲਾਇਆ ਕਿ ਅਕਾਲੀ ਅਤੇ ਕਾਂਗਰਸੀ ਦੋਵਾਂ ਸਰਕਾਰਾਂ ਨੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਵੀ ਸਰਕਾਰ ਬਣਾਉਣ ਦਾ ਇੱਕ ਮੌਕਾ ਦੇਣ। ਇਹ ਰੈਲੀ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਹਲਕਾ ਉੱਤਰੀ ਵਿਚ ਕਰਵਾਈ ਗਈ ਸੀ। ਇਸ ਮੌਕੇ ਯੂਥ ਪ੍ਰਧਾਨ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਨੂੰ ਲੁੱਟ ਕੇ ਆਪਣੇ ਕਾਰੋਬਾਰ ਚਲਾਏ ਹਨ। ਕਾਂਗਰਸ ਲੋਕਾਂ ਨਾਲ ਨਿੱਤ ਨਵੇਂ ਝੂਠੇ ਵਾਅਦੇ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਨੱਥ ਪਾਉਣ ਦੀ ਥਾਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਇਸ ਵਾਰ ਅਜਿਹੇ ਸਿਆਸੀ ਲੀਡਰਾਂ ਤੋਂ ਕਿਨਾਰਾ ਕੀਤਾ ਜਾਵੇ। ਸਾਬਕਾ ਆਈਜੀ ਨੇ ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਵੱਲੋਂ ਦਿੱਤੀਆਂ ਤਿੰਨ ਗਰੰਟੀਆਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ‘ਆਪ’ ਸਰਕਾਰ ਆਉਣ ਮਗਰੋਂ ਹਰ ਗਰੰਟੀ ਪੂਰੀ ਹੋਵੇਗੀ।
ਅਕਾਲੀ ਤੇ ਕਾਂਗਰਸੀ ਆਗੂ ਬੁਖਲਾਏ: ਬਲਜਿੰਦਰ ਕੌਰ
ਧਾਰੀਵਾਲ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਕਾਦੀਆਂ ਤੋਂ ‘ਆਪ’ ਦੇ ਹਲਕਾ ਇੰਚਾਰਜ ਤੇ ਸੰਭਾਵੀ ਉਮੀਦਵਾਰ ਐਡਵੋਕੇਟ ਜਗਰੂਪ ਸੇਖਵਾਂ ਦੀ ਅਗਵਾਈ ਹੇਠ ਪਿੰਡ ਡੇਹਰੀਵਾਲ ਦਰੋਗਾ ਵਿੱਚ ਹੋਏ ਇਕੱਠ ਦੌਰਾਨ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿਹਾ ਕਿ ਵੱਡੇ-ਵੱਡੇ ਬੋਰਡ ਲਾ ਕੇ ਅਤੇ ਝੂਠੇ ਵਾਅਦੇ ਕਰ ਕੇ ਸੱਤਾ ਹਾਸਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕੋਈ ਵੀ ਵਾਅਦਾ ਪੂਰਾ ਨਾ ਕਰ ਸਕੇ। ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਅਤੇ ‘ਆਪ’ ਦਾ ਪੰਜਾਬ ਵਿੱਚ ਵੱਧਦਾ ਅਧਾਰ ਦੇਖ ਕੇ ਕਾਂਗਰਸ ਅਤੇ ਅਕਾਲੀ ਬੁਖਲਾ ਚੁੱਕੇ ਹਨ। ਕਾਂਗਰਸ ਨੂੰ ਮਜਬੂਰ ਹੋ ਕੇ ਪੰਜਾਬ ਦਾ ਪ੍ਰਧਾਨ ਅਤੇ ਮੁੱਖ ਮੰਤਰੀ ਬਦਲਣਾ ਪਿਆ।