ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 2 ਅਕਤੂਬਰ
ਜੱਲ੍ਹਿਆਂਵਾਲਾ ਬਾਗ ਸੰਘਰਸ਼ ਕਮੇਟੀ ਨੇ ਅੱਜ ਇੱਥੇ ਕੇਂਦਰ ਸਰਕਾਰ ਨੂੰ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦੀ ਪੁਰਾਣੀ ਇਤਿਹਾਸਕ ਦਿੱਖ ਦੇ ਨਵੀਨੀਕਰਨ/ਸੁੰਦਰੀਕਰਨ ਦੇ ਨਾਂ ’ਤੇ ਕੀਤੇ ਗਏ ਲੋਕ ਭਾਵਨਾ ਵਿਰੋਧੀ ਬਦਲਾਅ ਤੁਰੰਤ ਵਾਪਸ ਲਏ ਜਾਣ ਤਾਂ ਜੋ ਬਾਗ ਦੀ ਪੁਰਾਣੀ ਕੁਰਬਾਨੀਆਂ ਭਰੀ ਮਿਸਾਲੀ ਦਿੱਖ ਕਾਇਮ ਰਹਿ ਸਕੇ। ਇਸ ਸਬੰਧੀ ਅੱਜ ਇਥੇ ਇੱਕ ਸਰਬ ਪਾਰਟੀ ਮੀਟਿੰਗ ਵੀ ਕੀਤੀ ਗਈ।ਕਮੇਟੀ ਕਨਵੀਨਰ ਜਸਵੰਤ ਸਿੰਘ ਰੰਧਾਵਾ ਅਤੇ ਕੋ-ਆਰਡੀਨੇਟਰ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਘਰਸ਼ ਨੂੰ ਹੋਰ ਵੱਡਾ ਕਰਨ ਲਈ 11 ਅਕਤੂਬਰ ਨੂੰ ਦੁਪਹਿਰ ਤਿੰਨ ਵਜੇ ਵਿਰਸਾ ਵਿਹਾਰ ਵਿਚ ਸਾਂਝਾ ਸੈਮੀਨਾਰ ਕੀਤਾ ਜਾਵੇਗਾ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੋਗਿੰਦਰਪਾਲ ਢੀਂਗਰਾ ਨੇ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਇਕੱਠੇ ਹੋ ਕੇ ਸੱਚ ਨੂੰ ਉਭਾਰੀਏ ਤੇ ਇਤਿਹਾਸਕ ਅਸਲੀਅਤ ਸਾਹਮਣੇ ਲਿਆਈਏ, ਕਿਉਂਕਿ ਕੇਂਦਰੀ ਸਰਕਾਰ ਨੇ ਸਹੀ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਇਹ ਨਾ ਸਹਿਣਯੋਗ ਬਦਲਾਅ ਬਹੁਤ ਗੰਭੀਰ ਮਾਮਲਾ ਹੈ, ਜੋ ਪੰਜਾਬੀਆਂ ਤੇ ਦੇਸ਼ ਵਾਸੀਆਂ ਦੀ ਸੋਚ ਦੇ ਖਿਲਾਫ਼ ਹੈ। ਕਾਮਰੇਡ ਵਿਜੇ ਮਿਸ਼ਰਾ ਨੇ ਕਿਹਾ ਕਿ ਇਹ ਮਾਮਲਾ ਬਹੁਤ ਵੱਡਾ ਹੈ। ਬਹੁਤ ਕੁੱਝ ਸਾਂਭਣਯੋਗ ਚੀਜ਼ਾਂ ਨੂੰ ਬਰਬਾਦ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਜੀਵਨ ਜੋਤ ਕੌਰ ਨੇ ਕਿਹਾ ਕਿ ਅਸੀਂ ਹਮੇਸ਼ਾ ਲੋਕਾਂ ਦੀ ਇਸ ਹੱਕੀ ਤੇ ਸੱਚੀ ਮੰਗ ਨਾਲ ਹਾਂ। ਸੀ.ਪੀ.ਆਈ ਆਗੂ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਕੇਂਦਰੀ ਸਰਕਾਰ ਦੀ ਸਾਮਰਾਜੀ ਹਾਕਮਾਂ ਨਾਲ ਸਾਂਝ ਭਿਆਲੀ ਹੈ। ਜੱਲ੍ਹਿਆਂਵਾਲਾ ਬਾਗ ਕੋਈ ਸੈਰਗਾਹ ਨਹੀਂ, ਸਗੋਂ ਸੰਘਰਸ਼ਾਂ ਲਈ ਉਤਸ਼ਾਹ ਪੈਦਾ ਕਰਨ ਵਾਲੀ ਇਤਿਹਾਸਕ ਧਰਤੀ ਹੈ। ਡੈਮੋਕਰੇਟਿਕ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਕਲਕੱਤਾ ਨੇ ਵੀ ਕੀਮਤੀ ਸੁਝਾਅ ਦਿੱਤੇ। ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦੇਵਿੰਦਰ ਸਿੰਘ ਵਰਪਾਲ ਤੇ ਸਾਹਿਬ ਸਿੰਘ ਚਾਟੀਵਿੰਡ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਹੁਸ਼ਿਆਰ ਸਿੰਘ ਝੰਡੇਰ ਨੇ ਕਿਹਾ ਕਿ ਸਾਡੀ ਜਥੇਬੰਦੀ ਇਸ ਵੱਡਮੁੱਲੇ ਸ਼ੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ। ਇਤਿਹਾਸਕਾਰ ਸੁਰਿੰਦਰ ਕੋਛੜ ਨੇ ਕਿਹਾ ਕਿ ਭਾਵੇ ਆਪਾਂ ਲੇਟ ਤੁਰੇ ਹਾਂ ਪਰ ਇਹ ਇਤਿਹਾਸ ਨਾਲ ਕੀਤੀ ਵੱਡੀ ਛੇੜਛਾੜ ਹੈ, ਜੋ ਅੰਮ੍ਰਿਤਸਰੀਆਂ ਲਈ ਚੁਣੌਤੀ ਹੈ। ਇਸ ਮੌਕੇ ਵਕੀਲ ਭਗਵੰਤ ਸਿੰਘ, ਮਹੇਸ਼ ਵਰਮਾ, ਹਰਵਿੰਦਰ ਸਿੰਘ ਘਈ, ਰਵੀ ਇੰਦਰ ਸਿੰਘ, ਹਰਜੀਤ ਸਿੰਘ ਸਰਕਾਰੀਆ, ਮਨਜੀਤ ਸਿੰਘ ਧਾਲੀਵਾਲ ਰਾਜਨਪਾਲ ਸਿੰਘ, ਹਰਪ੍ਰੀਤ ਸਿੰਘ ਬੇਦੀ ਨੇ ਵੀ ਹਾਜ਼ਰੀ ਭਰੀ। ਸਭ ਦਾ ਧੰਨਵਾਦ ਵਿਰਸਾ ਵਿਹਾਰ ਆਗੂ ਰਮੇਸ਼ ਯਾਦਵ ਤੇ ਸੱਕਤਰ ਭੂਪਿੰਦਰ ਸਿੰਘ ਸੰਧੂ ਨੇ ਕੀਤਾ ਤੇ ਇਸ ਗੰਭੀਰ ਮਸਲੇ ਤੇ ਸਿਰ ਜੋੜ ਕੇ ਇਕੱਠੇ ਹੋ ਕੇ ਵਿਚਾਰਨ ਦੀ ਲੋੜ ਹੈ।