ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਮਈ
ਜ਼ਿਲ੍ਹੇ ਵਿੱਚ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਦਿਵਿਆਂਗ ਵੋਟਰਾਂ ਵਿੱਚੋਂ ਲਗਪਗ 375 ਵਿਅਕਤੀਆਂ ਨੇ ਘਰ ਬੈਠੇ ਆਪਣੀ ਵੋਟ ਪਾ ਦਿੱਤੀ ਹੈ। ਇਨ੍ਹਾਂ ਵਿੱਚ 85 ਸਾਲ ਤੋਂ ਵੱਧ ਉਮਰ ਦੇ 292 ਅਤੇ 83 ਦਿਵਿਆਂਗ ਵੋਟਰ ਹਨ। ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਪੀ.ਡਬਲਯੂ.ਡੀ ਵੋਟਰਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸੁਵਿਧਾ ਦਿੱਤੀ ਗਈ ਸੀ ਜਿਸ ਤਹਿਤ 409 ਵਿਅਕਤੀਆਂ ਵੱਲੋਂ ਘਰ ਬੈਠੇ ਹੀ ਵੋਟ ਪਾਉਣ ਦੀ ਸਹਿਮਤੀ ਦਿੱਤੀ ਗਈ ਸੀ। ਇਨ੍ਹਾਂ ਵਿੱਚ ਅਜਨਾਲਾ ਹਲਕੇ ਵਿੱਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ ਤਿੰਨ, ਪੀ.ਡਬਲਯੂ.ਡੀ ਵੋਟਰ 3, ਰਾਜਾਸਾਂਸੀ ਹਲਕੇ ਵਿੱਚੋਂ ਵਡੇਰੀ ਉਮਰ ਵਾਲੇ 39 ਅਤੇ ਦਿਵਿਆਂਗ 10, ਮਜੀਠਾ ਹਲਕੇ 21 ਅਤੇ 8, ਜੰਡਿਆਲਾ ਹਲਕੇ ਵਿੱਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 14 ਅਤੇ ਦਿਵਿਆਂਗ 12, ਅੰਮ੍ਰਿਤਸਰ ਉੱਤਰੀ ਹਲਕੇ ਵਿੱਚੋਂ 62 ਅਤੇ 5, ਅੰਮ੍ਰਿਤਸਰ ਪੱਛਮੀ ਵਿੱਚੋਂ 37 ਅਤੇ 15, ਅੰਮ੍ਰਿਤਸਰ ਕੇਂਦਰੀ ਵਿਚੋਂ ਵੱਧ ਉਮਰ ਵਾਲੇ 7, ਦਿਵਿਆਂਗ ਵੋਟਰ 2, ਅੰਮ੍ਰਿਤਸਰ ਪੂਰਬੀ ਵਿੱਚੋਂ 25 ਅਤੇ 2, ਅੰਮ੍ਰਿਤਸਰ ਦੱਖਣੀ ਵਿਚੋਂ 27 ਅਤੇ 6, ਅਟਾਰੀ ਵਿੱਚੋਂ 15 ਅਤੇ 5, ਬਾਬਾ ਬਕਾਲਾ ਵਿੱਚੋਂ 42 ਅਤੇ 15 ਖਾਸ ਵੋਟਰਾਂ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਹੈ। ਕੁੱਲ 409 ਵੋਟਰਾਂ ਵਿੱਚੋਂ 9 ਵੋਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਝ ਵੋਟਰ ਹਸਪਤਾਲ ਵਿੱਚ ਦਾਖਲ ਹਨ ਅਤੇ ਕੁਝ ਸੂਬੇ ਤੋਂ ਬਾਹਰ ਗਏ ਹੋਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਪੋਸਟਲ ਬੈਲਟ ਪੇਪਰ ਰਾਹੀਂ ਪਾਈ ਵੋਟ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਸਥਾਪਤ ਕੀਤੇ ਗਏ ਵੋਟਰ ਫੈਸਿਲੀਟੇਸ਼ਨ ਸੈਂਟਰ ਵਿੱਚ ਪੋਸਟਲ ਬੈਲਟ ਪੇਪਰ ਰਾਹੀਂ ਆਪਣੀ ਵੋਟ ਪਾਈ। ਡਿਪਟੀ ਕਮਿਸ਼ਨਰ ਡਾ. ਅਗਰਵਾਲ ਫਿਰੋਜ਼ਪੁਰ ਦੇ ਰਜਿਸਟਰਡ ਵੋਟਰ ਹਨ, ਜਿਨ੍ਹਾਂ ਵੋਟ ਪਾਉਣ ਤੋਂ ਬਾਅਦ ਪੋਸਟਲ ਬੈਲਟ ਵੋਟਰਾਂ ਲਈ ਫੈਸਿਲੀਟੇਸ਼ਨ ਸੈਂਟਰ ਵਿੱਚ ਕੀਤੇ ਗਏ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸਹੂਲਤ ਵੋਟਰ ਫੈਸਿਲੀਟੇਸ਼ਨ ਸੈਂਟਰਾਂ ’ਤੇ ਚੋਣ ਪਾਰਟੀਆਂ ਰਵਾਨਾ ਕਰਨ ਵਾਲੇ ਸਥਾਨਾਂ ’ਤੇ 31 ਮਈ ਨੂੰ ਵੀ ਪ੍ਰਦਾਨ ਕੀਤੀ ਜਾਵੇਗੀ। ਏਡੀਸੀ ਮੇਜਰ ਡਾ. ਅਮਿਤ ਮਹਾਜਨ ਵੱਲੋਂ ਵੀ ਆਪਣੀ ਵੋਟ ਪਾਈ ਗਈ।