ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਮਾਰਚ
ਅੰਮ੍ਰਿਤਸਰ ਪੂਰਬੀ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਰ ਗਏ।ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਜੀਵਨਜੋਤ ਕੌਰ ਨੇ ਉਨ੍ਹਾਂ ਨੂੰ ਹਰਾਇਆ। ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਕਾਂਗਰਸ ਸਰਕਾਰ ਤੇ ਉਪ ਮੁੱਖ ਮੰਤਰੀ ਓਪੀ ਸੋਨੀ ਵੀ ਆਮ ਆਦਮੀ ਪਾਰਟੀ ਦੇ ਡਾ. ਅਜੈ ਗੁਪਤਾ ਤੋਂ ਪਿੱਛੇ ਚੱਲ ਰਹੇ ਹਨ। 9ਵੇਂ ਗੇੜ ਮਗਰੋਂ ਗੁਪਤਾ ਨੂੰ 31508 ਅਤੇ ਸ੍ਰੀ ਸੋਨੀ ਨੂੰ 18997 ਵੋਟਾਂ ਮਿਲੀਆਂ ਹਨ। ਜੰਡਿਆਲਾ ਹਲਕੇ ਵਿੱਚ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੀ 7ਵੇਂ ਗੇੜ ਵਿੱਚ 9742 ਵੋਟਾਂ ਤੋਂ ਪਿੱਛੇ ਚੱਲ ਰਹੇ ਹਨ। ਆਪ ਦੇ ਹਰਭਜਨ ਸਿੰਘ ਈਟੀਓ ਨੇ 24768 ਵੋਟਾਂ ਪ੍ਰਾਪਤ ਕੀਤੀਆਂ ਹਨ। ਅੰਮ੍ਰਿਤਸਰ ਉਤਰੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਸੱਤਵੇਂ ਗੇੜ ਦੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਤੋਂ ਅੱਗੇ ਚਲ ਰਹੇ ਹਨ। ਮਜੀਠਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗਨੀਵ ਕੌਰ ਇਸ ਵੇਲੇ 17657 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੀ ਹੈ। ਕਾਂਗਰਸ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੀ ਆਮ ਆਦਮੀ ਪਾਰਟੀ ਦੇ ਡਾ. ਜਸਬੀਰ ਸਿੰਘ ਸੰਧੂ ਤੋਂ ਪਿੱਛੇ ਚੱਲ ਰਹੇ ਹਨ।