ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 2 ਨਵੰਬਰ
ਇਸ ਵਾਰ ਦੀਵਾਲੀ ਦਾ ਤਿਓਹਾਰ 31 ਅਕਤੂਬਰ ਅਤੇ 1 ਨਵੰਬਰ ਨੂੰ ਦੋ ਦਿਨ ਮਨਾਇਆ ਗਿਆ। ਦੋਵੇਂ ਦਿਨ ਸ਼ਹਿਰ ਵਿੱਚ ਕੀਤੀ ਗਈ ਆਤਿਸ਼ਬਾਜ਼ੀ ਨਾਲ ਤਕਰੀਬਨ 50 ਤੋਂ ਵੱਧ ਥਾਵਾਂ ’ਤੇ ਅੱਗਾਂ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਸੂਚਨਾ ਅਨੁਸਾਰ 31 ਅਕਤੂਬਰ ਨੂੰ 6 ਅਤੇ 1 ਨਵੰਬਰ ਨੂੰ 50 ਵੱਖ-ਵੱਖ ਥਾਵਾਂ ’ਤੇ ਅੱਗ ਲੱਗੀ। ਜਾਣਕਾਰੀ ਅਨੁਸਾਰ 1 ਨਵੰਬਰ ਨੂੰ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਅਜਨਾਲਾ ਫਤਹਿਗੜ੍ਹ ਚੂੜੀਆਂ ਰੋਡ ’ਤੇ ਇੱਕ ਬੱਸ, ਹਾਥੀ ਗੇਟ ਵਿੱਚ ਇੱਕ ਹੋਟਲ, ਪੁਰਾਣਾ ਪਟਵਾਰ ਖਾਨਾ, ਖੰਡਵਾਲਾ ਵਿੱਚ ਇੱਕ ਘਰ, ਮਕਬੂਲਪੁਰਾ ਵਿੱਚ ਇੱਕ ਪੱਖਾ ਫੈਕਟਰੀ, ਗੁਜਰਪੁਰਾ ਵਿੱਚ ਇੱਕ ਫੈਕਟਰੀ, ਗਰੀਨ ਐਵਨਿਊ ਵਿੱਚ ਇਹਾਇਸ਼ੀ ਮਕਾਨ, ਰਣਜੀਤ ਐਵਨਿਊ ਵਿੱਚ ਇੱਕ ਫਲੈਟ, ਫੁੱਲਾਂਵਾਲਾ ਚੌਕ ਅਤੇ ਬਟਾਲਾ ਰੋਡ ਵਿੱਚ ਇੱਕ-ਇੱਕ ਰਿਹਾਇਸ਼ੀ ਮਕਾਨ, ਮਾਤਾ ਲੌਂਗਾਂਵਾਲਾ ਮੰਦਿਰ, ਛੇਹਰਟਾ ਫਰਨੀਚਰ ਗੋਦਾਮ, ਸ਼ਿਵਾਲਾ ਫਾਟਕ ਵਿੱਚ ਜਨਰੇਟਰ, ਲਾਹੌਰੀ ਗੇਟ ਵਿੱਚ ਇੱਕ ਫੈਕਟਰੀ, ਗੋਲਡਨ ਗੇਟ ਨੇੜੇ ਇੱਕ ਸਰਾਂ ਅਤੇ ਗਵਾਲ ਮੰਡੀ ਵਿੱਚ ਖੋਖੇ ਅਤੇ ਕਈ ਹੋਰ ਥਾਵਾਂ ਅੱਗ ਦੀ ਲਪੇਟ ਵਿੱਚ ਆਈਆਂ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਅੱਗ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਵਿੱਚ ਬੇਰੀ ਗੇਟ ਫਾਇਰ ਸਟੇਸ਼ਨ, ਫੋਕਲ ਪੁਆਇੰਟ ਫਾਇਰ ਸਟੇਸ਼ਨ, ਸਿਵਲ ਲਾਈਨ ਸੇਵਾ ਸੁਸਾਇਟੀ ਫਾਇਰ ਸਟੇਸ਼ਨ, ਟਾਊਨ ਹਾਲ ਫਾਇਰ ਸਟੇਸ਼ਨ, ਗਿਲਵਾਲੀ ਗੇੇਟ ਸੇਵਾ ਸੁਸਾੲਟੀ ਫਾਇਰ ਸਟੇਸ਼ਨ ਆਦਿ ਨੇ ਯੋਗਦਾਨ ਪਾਇਆ।