ਪੱਤਰ ਪ੍ਰੇਰਕ
ਰਈਆ, 6 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 32 ਕਿਸਾਨ ਜਥੇਬੰਦੀਆਂ ਨੇ ਅੱਜ ਜੀ.ਟੀ. ਰੋਡ ਤੇ ਪੁਲ ਨਹਿਰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ। ਇਸ ਵਿੱਚ ਦਲਬੀਰ ਸਿੰਘ ਬੇਦਾਦਪੁਰ, ਰਵਿੰਦਰ ਸਿੰਘ ਛੱਜਲਵੱਡੀ, ਸਵਿੰਦਰ ਸਿੰਘ ਤਿੰਮੋਵਾਲ, ਗੁਰਭੇਜ ਸਿੰਘ ਸੈਦੋ ਲੇਹਲ, ਅਮਰਜੀਤ ਸਿੰਘ ਮੱਲ੍ਹਾਂ, ਗੁਰਨਾਮ ਸਿੰਘ ਦਾਊਦ ਅਤੇ ਜਰਮਨਜੀਤ ਸਿੰਘ ਦੇ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਇਲਾਕੇ ਭਰ ਦੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਔਰਤਾਂ, ਦੁਕਾਨਦਾਰਾਂ ਅਤੇ ਸਮਾਜ ਦੇ ਹਰੇਕ ਤਬਕੇ ਨੇ ਭਰਵੀਂ ਸ਼ਮੂਲੀਅਤ ਕੀਤੀ । ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਦਿੱਲੀ ਦੇ ਕਿਸਾਨ ਮੋਰਚਿਆਂ ’ਤੇ ਕੀਤੇ ਜਾ ਰਹੇ ਦਮਨ ਅਤੇ ਗੋਦੀ ਮੀਡੀਆ ਤੇ ਭਾਜਪਾ ਆਈ ਟੀ ਸੈੱਲ ਵੱਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ੀ ਮੁਹਿੰਮ ਦੀ ਸਖ਼ਤ ਨਿਖੇਧੀ ਕੀਤੀ।
ਇਸੇ ਤਰ੍ਹਾਂ ਜੀ ਟੀ ਰੋਡ ਅਤੇ ਬਾਬਾ ਬਕਾਲਾ ਮੋੜ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਜੀਤ ਸਿੰਘ ਬੇਦਾਦਪੁਰ ਕਾਰਜਕਾਰੀ ਪ੍ਰਧਾਨ ਸਰਕਲ ਬਾਬਾ ਬਕਾਲਾ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਇਸ ਦੌਰਾਨ ਚਰਨ ਸਿੰਘ ਕਲੇਰ ਘੁਮਾਣ,ਕਰਮ ਸਿੰਘ ਬੱਲ ਸਰਾਂ, ਦਲਜੀਤ ਸਿੰਘ ਬੱਲ ਸਰਾਂ ਨੇ ਸੰਬੋਧਨ ਕੀਤਾ।