ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਫਰਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜ਼ਿਲ੍ਹੇ ਵਿਚ ਜਿਨ੍ਹਾਂ ਕੰਮਾਂ ਦੀ ਅੱਜ ਆਨਲਾਈਨ ਸ਼ੁਰੂਆਤ ਕੀਤੀ ਗਈ ਹੈ, ਉਸ ਨਾਲ ਜਿੱਥੇ ਸ਼ਹਿਰ ਦੇ ਲੋਕਾਂ ਨੂੰ ਸਾਫ-ਸੁਥਰਾ ਪਾਣੀ ਪੀਣ ਲਈ ਮਿਲੇਗਾ, ਉਥੇ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਹੋਵੇਗੀ। ਇਸ ਤੋਂ ਇਲਾਵਾ ਉੱਚੀਆਂ ਇਮਾਰਤਾਂ ਵਿਚ ਅੱਗ ਲੱਗ ਜਾਣ ਦੀ ਹਾਲਤ ਵਿਚ ਸ਼ਹਿਰ ਦੇ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ, ਸਾਲਿਡ ਵੇਸਟ ਮੈਨਜਮੈਂਟ ਦੇ ਕੰਮ ਨੂੰ ਹੋਰ ਸੁਚਾਰੂ ਰੂਪ ਨਾਲ ਕਰਨ ਲਈ ਮਸ਼ੀਨਰੀ ਦੀ ਖਰੀਦ ਅਤੇ ਸ਼ਹਿਰ ਦੇ ਪਾਰਕਾਂ ਨੂੰ ਖੂਬਸੂਰਤ ਬਣਾਉਣ ਦੇ ਕੰਮ ਸ਼ਾਮਲ ਹਨ। ਮੁੱਖ ਮੰਤਰੀ ਨੇ ਅੱਜ ਆਨ-ਲਾਈਨ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਕਰਦਿਆਂ 720 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਹੈ। ਇਸ ਯੋਜਨਾ ’ਤੇ 2200 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਨਾਲ ਸਾਰੇ ਸ਼ਹਿਰ ਨੂੰ ਨਹਿਰੀ ਪਾਣੀ ਸਾਫ ਕਰਕੇ ਦਿੱਤਾ ਜਾਵੇਗਾ। ਇਸ ਮੌਕੇ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ਼ਹਿਰ ਵਿਚ ਸਮਾਰਟ ਸਿਟੀ ਅਤੇ ਅਮਰੂਤ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉਸ ਦੇ ਪਹਿਲੇ ਪੜਾਅ ਵਿਚ 722 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਘਰਾਂ ਵਿਚੋਂ ਕੂੜਾ ਇਕੱਠ ਕਰਨ ਅਤੇ ਉਸ ਦੀ ਢੋਆ-ਢੁਆਈ ਲਈ 3.87 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਉਪਕਰਨ ਖਰੀਦੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਤੇ ਹੋਰ ਆਗੂ ਹਾਜ਼ਰ ਸਨ।