ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜੁਲਾਈ
ਨਗਰ ਨਿਗਮ ਦੇ ਨਵੇਂ ਆਏ ਕਮਿਸ਼ਨਰ ਕੁਮਾਰ ਸੌਰਭ ਨੇ ਅੱਜ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਦੱਸਿਆ ਕਿ ਹਰ ਵੀਰਵਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕ ਆਪਣੀ ਕਿਸੇ ਵੀ ਮੁਸ਼ਕਲ ਲਈ ਉਨ੍ਹਾਂ ਨੂੰ ਹਰ ਵੀਰਵਾਰ ਸਵੇਰੇ 11:00 ਵਜੇ ਤੋਂ 2:00 ਵਜੇ ਤੱਕ ਮਿਲ ਸਕਦੇ ਹਨ। ਨਗਰ ਨਿਗਮ ਦਾ ਹਰ ਅਧਿਕਾਰੀ ਮਿੱਥੇ ਸਮੇਂ ਦੌਰਾਨ ਸ਼ਿਕਾਇਤ ਸਬੰਧੀ ਕਾਰਵਾਈ ਕਰ ਕੇ ਰਿਪੋਰਟ ਕਰੇਗਾ। ਅੱਜ ਇਸ ਮੌਕੇ ਕਰੀਬ 20 ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਨਗਰ ਨਿਗਮ ਦੇ ਇੱਕ ਸੇਵਾਮੁਕਤ ਮੁਲਾਜ਼ਮ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੀ ਸਰਵਿਸ ਬੁੱਕ ਨਹੀਂ ਮਿਲ ਰਹੀ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਕਮਿਸ਼ਨਰ ਨੇ ਸਬੰਧਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਸਰਵਿਸ ਬੁੱਕ ਗੁੰਮ ਹੋਣ ਦੀ ਐੱਫਆਈਆਰ ਦਰਜ ਕਰਵਾਈ ਜਾਵੇ ਅਤੇ 15 ਦਿਨਾਂ ਦੇ ਅੰਦਰ ਨਵੀਂ ਸਰਵਿਸ ਬੁੱਕ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਨਾਜਾਇਜ਼ ਉਸਾਰੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਸਟੇਟ ਅਫ਼ਸਰ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ। ਮੀਂਹ ਕਾਰਨ ਕਈ ਥਾਵਾਂ ’ਤੇ ਸੀਵਰੇਜ ਜਾਮ ਹੋਣ ਕਰਕੇ ਪਾਣੀ ਇਕੱਠਾ ਹੋਣ ਦੇ ਮਾਮਲੇ ਵਿੱਚ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਸਾਰੀਆਂ ਟੀਮਾਂ ਨੂੰ ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਦਰੁੱਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।