ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਅਕਤੂਬਰ
ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਤਹਿਤ ਅੱਜ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਵੱਲੋਂ ਆਰੰਭ ਕੀਤੀ ਮੁਹਿੰਮ ਦਿ ਹੋਪ ਇਨੀਸ਼ੀਏਟਿਵ ਵਿੱਚ ਸ਼ਾਮਲ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲਾਂ ਦੇ ਬੱਚਿਆਂ ਦੇ ਨਾਲ ਹਰਿਮੰਦਰ ਸਾਹਿਬ ਵਿਖੇ ਪੰਜਾਬ ਦੀ ਨਸ਼ਾਮੁਕਤੀ ਲਈ ਅਰਦਾਸ ਕੀਤੀ।
ਵੱਡੀ ਗਿਣਤੀ ਵਿੱਚ ਪੀਲੀਆਂ ਦਸਤਾਰਾਂ ਅਤੇ ਪੀਲੇ ਪਟਕੇ ਸਜਾ ਕੇ ਪੁੱਜੇ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਸਫਲਤਾ ਦਾ ਇੱਕੋ ਇੱਕ ਰਾਹ ਸਖ਼ਤ ਮਿਹਨਤ ਹੈ। ਉਹ ਸਖ਼ਤ ਮਿਹਨਤ ਕਰਕੇ ਚੰਗੇ ਅੰਕ ਹਾਸਲ ਕਰਨ ਅਤੇ ਮੈਰਿਟ ਆਧਾਰ ’ਤੇ ਚੰਗੀਆਂ ਨੌਕਰੀਆਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਅਤੇ ਰੰਗਲਾ ਪੰਜਾਬ ਵਾਸਤੇ ਚਲਾਈ ਮੁਹਿੰਮ ਤਹਿਤ ਜਿੱਥੇ ਨਸ਼ੇ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਨਸ਼ੇੜੀਆਂ ਦੇ ਮੁੜ ਵਸੇਬੇ ਲਈ ਵੀ ਪ੍ਰਬੰਧ ਕੀਤਾ ਗਿਆ।
ਨੌਜਵਾਨ ਪੀੜੀ ਨੂੰ ਨਸ਼ਿਆਂ ਵੱਲ ਜਾਣ ਤੋਂ ਰੋਕਣ ਲਈ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ, ਜਿਸ ਦਾ ਸਿੱਟਾ ਹੈ ਕਿ ਇਸ ਵਾਰ ਏਸ਼ੀਆਈ ਖੇਡਾਂ ਵਿੱਚ ਪੰਜਾਬ ਨੇ 19 ਮੈਡਲ ਜਿੱਤੇ ਹਨ। ਇਸੇ ਤਰ੍ਹਾਂ ਨੌਜਵਾਨਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਖੇਤਰਾਂ ਵਿੱਚ ਰੁਜ਼ਗਾਰ ਦੇਣ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਵੀ ਨਸ਼ਿਆਂ ਵੱਲ ਪ੍ਰੇਰਤ ਨਾ ਹੋ ਸਕੇ। ਇਸ ਮੌਕੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ, ਡੀਜੀਪੀ ਗੌਰਵ ਯਾਦਵ, ਵੱਖ-ਵੱਖ ਮੰਤਰੀ, ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਤੇ ਹੋਰ ਹਾਜ਼ਰ ਸਨ। ਮਗਰੋਂ ਗਾਂਧੀ ਸਟੇਡੀਅਮ ਵਿੱਚ ਮੁੱਖ ਮੰਤਰੀ ਨੇ ਗਲੀ ਕ੍ਰਿਕਟ ਲੀਗ ਕ੍ਰਿਕਟ ਟੂਰਨਾਮੈਂਟ ਦਾ ਵੀ ਉਦਘਾਟਨ ਕੀਤਾ, ਜਿਸ ਤਹਿਤ 15 ਹਜ਼ਾਰ ਬੱਚੇ ਅਤੇ ਨੌਜਵਾਨ ਤੇ ਹੋਰ ਕ੍ਰਿਕਟ ਮੈਚਾਂ ਵਿੱਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜਨ ਵਾਸਤੇ ਦ ਹੋਪ ਮੁਹਿੰਮ ਤਹਿਤ ਪਹਿਲਾਂ ਦਰਬਾਰ ਸਾਹਿਬ ਵਿਖੇ ਅਰਦਾਸ ਕੀਤੀ ਗਈ, ਵਿਦਿਆਰਥੀਆਂ ਨੇ ਨਸ਼ਾ ਨਾ ਕਰਨ ਦੀ ਸੋਹ ਚੁੱਕੀ ਅਤੇ ਬਾਅਦ ਵਿੱਚ ਖੇਡਾਂ ਦੀ ਸ਼ੁਰੂਆਤ ਕੀਤੀ ਗਈ