ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਫਰਵਰੀ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ’ਤੇ ਵੰਡੋ ਤੇ ਰਾਜ ਕਰੋ ਦੀ ਨੀਤੀ ਅਪਨਾਉਣ ਦਾ ਦੋਸ਼ ਲਾਇਆ ਹੈ। ਉਹ ਅੱਜ ਇੱਥੇ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਆਏ ਸਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਯੂਪੀ, ਬਿਹਾਰ ਅਤੇ ਦਿੱਲੀ ਦੇ ਭਈਆਂ ਦੇ ਹੱਥ ਵਿੱਚ ਪੰਜਾਬ ਦੀ ਸੱਤਾ ਨਾ ਸੌਂਪਣ ਦੀ ਕੀਤੀ ਅਪੀਲ ਦਾ ਸਖ਼ਤ ਇਤਰਾਜ਼ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਗੱਲ ਉਸ ਵੇਲੇ ਕੀਤੀ ਗਈ ਹੈ ਜਦੋਂ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ ਜਿੱਥੋਂ ਉਨ੍ਹਾਂ ਨੇ ਸਰਬੱਤ ਦੇ ਭਲੇ ਦਾ ਉਪਦੇਸ਼ ਦਿੱਤਾ ਹੈ ਪਰ ਇਹ ਕਾਂਗਰਸੀ ਉਸ ਉਪਦੇਸ਼ ਦੇ ਉਲਟ ਵੰਡੋ ਅਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨਾ ਸਿਰਫ਼ ਭਾਰਤ ਬਲਕਿ ਭਾਰਤ ਤੋਂ ਬਾਹਰ ਰਹਿੰਦੇ ਭਾਰਤ ਵਾਸੀਆਂ ਨੂੰ ਵੀ ਆਪਣਾ ਪਰਿਵਾਰ ਮੰਨਦੀ ਹੈ ।
ਕਾਂਗਰਸ ਦੀ ਹਾਰ ਨੂੰ ਨਿਸਚਿਤ ਦੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਦੋ ਬੱਲੇਬਾਜ਼ ਕਰੀਜ਼ ਤੇ ਹਨ ਅਤੇ ਦੋਵੇਂ ਇਕੋ ਸਮੇਂ ਬੈਟਿੰਗ ਕਰਨਾ ਚਾਹੁੰਦੇ ਹਨ ,ਇਸ ਲਈ ਉਨ੍ਹਾਂ ਦਾ ਆਊਟ ਹੋਣਾ ਲਗਪਗ ਤੈਅ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਉਹ ਦਿੱਲੀ ਨੂੰ ਤਾਂ ਚੰਗੀ ਤਰ੍ਹਾਂ ਸੰਭਾਲ ਨਹੀਂ ਸਕੇ ਪੰਜਾਬ ਨੂੰ ਕਿਵੇਂ ਸੰਭਾਲਣਗੇ। ਉਹ ਹਰਿਮੰਦਰ ਸਾਹਿਬ ਵਿਖੇ ਵੀ ਮੱਥਾ ਟੇਕਣ ਲਈ ਗਏ।
ਮੋਗਾ(ਮਹਿੰਦਰ ਸਿੰਘ ਰੱਤੀਆਂ): ਇਥੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਗਠਜੋੜ ਉਮੀਦਵਾਰਾਂ ਦੇ ਹੱਕ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ’ਚ ਸਾਡੀ ਸਰਕਾਰ ਬਣਾਓ, ਅਸੀਂ ਦੇਖਾਂਗੇ ਕਿ ਕੌਣ ਨਸ਼ਾ ਵੇਚਣ ਤੇ ਬੇਅਦਬੀ ਕਰਨ ਦੀ ਹਿੰਮਤ ਕਰਦਾ ਹੈ। ਪੰਜਾਬ ‘ਚ ਭਾਜਪਾ ਦੀ ਸਰਕਾਰ ਬਣੀ ਤਾਂ ਹਰੇਕ ਜ਼ਿਲ੍ਹੇ ’ਚ ਮੈਡੀਕਲ ਕਾਲਜ ਬਣੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ ਬਣ ਕੇ ਉਭਰਿਆ ਹੈ। ਮੰਤਰੀ ਨੇ ਪੰਜਾਬੀਆਂ ਖਾਸ ਕਰਕੇ ਸਿੱਖ ਸਮਾਜ ਨੂੰ ਕਲਾਵੇ ’ਚ ਲੈਂਦੇ ਕਿਹਾ ਕਿ ਸਿੱਖ ਸਮਾਜ ਭਾਰਤ ਦੀ ਅੰਤਰ ਆਤਮਾ ਹੈ। ਪੰਜਾਬ ਸੂਰਵੀਰਾਂ ਦੀ ਧਰਤੀ ਹੈ। ਉਨ੍ਹਾਂ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਚਾਰੇ ਪੁੱਤਰਾਂ ਦੀ ਸ਼ਹਾਦਤ ਅਤੇ ਗੁਰੂ ਤੇਗ ਬਹਾਦਰ ਸਿੰਘ ਦੀ ਸ਼ਹਾਦਤ ਦਾ ਜ਼ਿਕਰ ਕਰਦਿਕਆਂ ਕਿਹਾ ਕਿ ਉਨ੍ਹਾਂ ਭਾਰਤ ਦਾ ਸਿਰ ਨਹੀਂ ਝੁਕਣ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੀ ਭਲਾਈ ਦਾ ਸੰਦੇਸ਼ ਦਿੱਤਾ ਸੀ। ਇਸੇ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਕਾ ਸਾਥ, ਸਭ ਕਾ ਵਿਕਾਸ ਦਾ ਨਾਅਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੇਂਦਰ ਨੇ ਅਜਿਹੇ ਕਦਮ ਚੁੱਕੇ ਹਨ ਕਿ ਕੇਂਦਰ ਤੋਂ ਚਲਦਾ ਪੈਸਾ ਸਿੱਧਾ ਲੋਕਾਂ ਦੀਆਂ ਜੇਬਾਂ ਵਿੱਚ ਪਹੁੰਚਦਾ ਹੈ।