ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਮਈ
ਸਥਾਨਿਕ ਸਿਆਸੀ ਆਗੂ ਮਨੋਹਰ ਲਾਲ ਐਂਥਨੀ ਪਹਿਲਵਾਨ ਨੂੰ 3 ਕਿਲੋ ਹੈਰੋਇਨ ਦੇ ਸਬੰਧ ਵਿਚ ਤਰਨ ਤਾਰਨ ਪੁਲੀਸ ਨੇ ਇਥੋ ਉਸ ਦੀ ਯਾਸੀਨ ਰੋਡ ਸਥਿਤ ਰਿਹਾਇਸ਼ ਤੋ ਗ੍ਰਿਫ਼ਤਾਰ ਕੀਤਾ ਹੈ ਅਤੇ ਪੁੱਛਗਿਛ ਵਾਸਤੇ 2 ਦਿਨ ਦਾ ਪੁਲੀਸ ਰਿਮਾਂਡ ਲਿਆ ਹੈ।ਤਰਨ ਤਾਰਨ ਪੁਲੀਸ ਨੇ ਅਪਰੈਲ ਮਹੀਨੇ ਵਿਚ 3 ਕਿਲੋ ਹੈਰੋਇਨ ਸਮੇਤ ਇਕ ਵਿਅਕਤੀ ਨਿਸ਼ਾਨ ਸਿੰੰਘ ਵਾਸੀ ਬੰਡਾਲਾ ਜਿਲਾ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਇਸ ਨਸ਼ੀਲੇ ਪਦਾਰਥ ਦੀ ਖੇਪ ਦੀ ਖਰੀਦ ਰਕਮ ਦਾ ਭੁਗਤਾਨ ਐਂਥਨੀ ਵੱਲੋਂ ਕੀਤਾ ਗਿਆ ਸੀ ਜਿਸ ਦਾ ਪਤਾ ਲਾਉਂਦਿਆ ਤਰਨ ਤਾਰਨ ਪੁਲੀਸ ਨੇ ਬੀਤੇ ਕਲ ਇਥੋ ਸਥਾਨਿਕ ਟੇਲਰ ਰੋਡ ਨੇੜੇ ਯਾਸੀਨ ਰੋਡ ਤੋ ਉਸਦੀ ਰਿਹਾਇਸ਼ ਤੋ ਗ੍ਰਿਫ਼ਤਾਰ ਕੀਤਾ ਹੈ । ਤਰਨ ਤਾਰਨ ਪੁਲੀਸ ਦੇ ਐਸਐਸਪੀ ਧਰੁਮਨ ਨਿੰਬਲੇ ਨੇ ਇਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਪੁਲੀਸ ਉਸ ਕੋਲੋ ਪੁਛਗਿਛ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਅਗਲੀ ਜਾਂਚ ਪੁਛਗਿਛ ਦੇ ਆਧਾਰ ਤੇ ਹੀ ਕੀਤੀ ਜਾਵੇਗੀ । ਉਸ ਖਿਲਾਫ ਐਨਡੀਪੀਐਸ ਦੀ ਧਾਰਾ 21 ਸੀ ਅਤੇ 29 ਹੇਠ ਕੀਤੀ ਗਈ ਹੈ । ਮਿਲੇ ਵੇਰਵਿਆ ਮੁਤਾਬਿਕ ਐਂਥਨੀ ਪਹਿਲਵਾਨ ਪਹਿਲਾ ਕਾਂਗਰਸ ਨਾਲ ਜੁੜਿਆ ਹੋਇਆ ਸੀ ਪਰ ਲੋਕ ਸਭਾ ਚੋਣਾ ਵੇਲੇ ਭਾਜਪਾ ਨਾਲ ਜੁੜ ਗਿਆ ਸੀ। ਇਕ ਸੀਨੀਅਰ ਕਾਂਗਰਸੀ ਆਗੂ ਨੇ ਆਖਿਆ ਕਿ ਉਹ ਕਈ ਸਾਲ ਪਹਿਲਾ ਕਾਂਗਰਸ ਛੱਡ ਗਿਆ ਸੀ ਜਦੋਂ ਕਿ ਭਾਜਪਾ ਦੇ ਜਿਲਾ ਪ੍ਰਧਾਨ ਸੁਰੇਸ਼ ਮਹਾਜਨ ਨੇ ਆਖਿਆ ਕਿ ਉਹ ਇਸ ਵੇਲੇ ਪਾਰਟੀ ਦਾ ਮੈਂਬਰ ਨਹੀ ਹੈ।