ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 13 ਅਪਰੈਲ
ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਸਥਾਨਕ ਇਕਾਈਆਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਜੱਲ੍ਹਿਆਂਵਾਲਾ ਬਾਗ਼ ਦੇ ਅਮਰ ਸ਼ਹੀਦਾਂ ਨੂੰ ਸਮਰਪਿਤ ਇਕ ਸਾਮਰਾਜ ਵਿਰੋਧੀ ਕਨਵੈਨਸ਼ਨ ਸਥਾਨਕ ਕੰਪਨੀ ਬਾਗ਼ ਵਿਖੇ ਕਰਵਾਈ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਦੀਆਂ ਸ਼ਹਾਦਤਾਂ ਸਾਡੇ ਇਤਿਹਾਸ ਦਾ ਉਹ ਸ਼ਾਨਾਮੱਤਾ ਹਿੱਸਾ ਹਨ, ਜਿਸ ਦੀ ਇੱਕੋ ਇੱਕ ਪ੍ਰੀਭਾਸ਼ਾ ਸਾਮਰਾਜਵਾਦ ਦੇ ਬੁਨਿਆਦੀ ਵਿਰੋਧ ਅਤੇ ਇਸ ਵਿੱਚੋਂ ਪਣਪਦੀ ਲੋਕਾਂ ਦੀ ਖਰੀ ਆਜ਼ਾਦੀ ਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੇ ਹਿੰਦੂਤਵੀ ਏਜੰਡੇ ਤਹਿਤ ਵਧ ਰਹੇ ਫਾਸ਼ੀਵਾਦੀ ਰਾਜ ਦਾ ਮੁਕਾਬਲਾ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਅਤੇ ਅਪਰੈਲ 1919 ਵਿੱਚ ਮਜ਼ਬੂਤ ਹੋਏ ਲੋਕਾਂ ਦੇ ਏਕੇ ਨੂੰ ਇੱਕ ਵਾਰ ਫਿਰ ਤੋਂ ਉਜਾਗਰ ਕਰਕੇ ਹੀ ਕੀਤਾ ਜਾ ਸਕਦਾ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਰਤਨ ਸਿੰਘ ਰੰਧਾਵਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸੁਮੀਤ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਗੁਰਬਚਨ ਸਿੰਘ ਆਲ ਇੰਡੀਆ ਕਿਸਾਨ ਸਭਾ ਦੇ ਕਾਮਰੇਡ ਬਲਵਿੰਦਰ ਦੁਧਾਲਾ, ਪੀਐੱਸਯੂ (ਲਲਕਾਰ) ਦੀ ਆਗੂ ਗਗਨ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੁੱਚਾ ਸਿੰਘ ਖ਼ਤਰਾਏ ਕਲਾਂ ਨੇ ਕਿਸਾਨ-ਮਜ਼ਦੂਰ ਯੂਨੀਅਨਾਂ ਦੀ ਏਕਤਾ-ਇਕਜੁੱਟਤਾ ਉਸਾਰਨ ਅਤੇ ਫੈਸਲਾਕੁੰਨ ਸੰਘਰਸ਼ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਜਮਹੂਰੀ ਅਧਿਕਾਰ ਸਭਾ ਦੇ ਸਕੱਤਰ ਯਸ਼ਪਾਲ ਝਬਾਲ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਅਮਰਜੀਤ ਭੱਲਾ ਨੇ ਜਲ੍ਹਿਆਂਵਾਲਾ ਬਾਗ਼ ਦੇ ਅਮਰ ਸ਼ਹੀਦਾਂ ਦੀ ਇਨਕਲਾਬੀ ਵਿਰਾਸਤ ਨੂੰ ਅੱਗੇ ਲਿਜਾਣ ਦਾ ਸੱਦਾ ਦਿੱਤਾ। ਤਰਕਸ਼ੀਲ ਆਗੂ ਸੁਖਵਿੰਦਰ ਖਾਰਾ ਨੇ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਇਕ ਇਨਕਲਾਬੀ ਕਵਿਤਾ ਪੇਸ਼ ਕੀਤੀ