ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਫਰਵਰੀ
ਥਾਣਾ ਮਕਬੂਲਪੁਰਾ ਦੀ ਪੁਲੀਸ ਨੇ ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਦੋ ਪਿਸਤੌਲ, ਤਿੰਨ ਮੈਗਜੀਨ, 10 ਗੋਲੀਆਂ ਤੇ ਤਿੰਨ ਕਾਰਾਂ ਬਰਾਮਦ ਕੀਤੀਆਂ ਹਨ। ਥਾਣਾ ਮਕਬੂਲਪੁਰਾ ’ਚ ਆਈਪੀਸੀ ਦੀ ਧਾਰਾ 399, 402 ਅਤੇ ਅਸਲਾ ਐਕਟ ਦੀ 25 (8), 54, 59 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਗੋਬਿੰਦਾ, ਹਰਪ੍ਰੀਤ ਸਿੰਘ ਉਰਫ ਅਜੇ, ਅਜੈਪਾਲ ਸਿੰਘ ਉਰਫ ਅਜੇ, ਅਮਰਦੀਪ ਸਿੰਘ, ਪਿਯੂਸ਼ ਸ਼ਰਮਾ, ਰਵੀ ਭਨੋਟ ਤੇ ਅਮਿਤ ਬੱਗਾ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪੁਲੀਸ ਨੇ 32 ਬੋਰ ਦੇ ਤਿੰਨ ਮੈਗਜ਼ੀਨ ਤੇ ਇਨ੍ਹਾਂ ਦੀਆਂ ਦਸ ਗੋਲੀਆਂ, ਦੋ ਪਿਸਤੌਲ ਤੇ ਤਿੰਨ ਕਾਰਾਂ ਬਰਾਮਦ ਕੀਤੀਆਂ ਹਨ। ਥਾਣਾ ਮੁਖੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਐੱਸਆਈ ਜਗਬੀਰ ਸਿੰਘ ਤੇ ਪੁਲੀਸ ਟੀਮ ਨੇ ਇਨ੍ਹਾਂ ਵਿਅਕਤੀਆਂ ਨੂੰ ਰਣਜੀਤ ਐਵੀਨਿਊ ਤੋਂ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਵਿਅਕਤੀਆਂ ਨੇ ਇਕ ਗਰੋਹ ਬਣਾਇਆ ਹੋਇਆ ਹੈ ਅਤੇ ਲੁੱਟਾਂ ਖੋਹਾਂ ਕਰਦੇ ਹਨ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਰਣਜੀਤ ਐਵੀਨਿਊ ਵਿਖੇ ਇਕੱਠੇ ਹੋਏ ਹਨ ਤੇ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਇਨਾਂ ਵਿਅਕਤੀਆਂ ਨੇ ਆਪਣੀਆਂ ਕਾਰਾਂ ਭਜਾਉਣ ਦਾ ਯਤਨ ਕੀਤਾ ਪਰ ਪੁਲੀਸ ਨੇ ਘੇਰਾਬੰਦੀ ਕਰਕੇ ਇਨਾਂ ਨੂੰ ਕਾਬੂ ਕਰ ਲਿਆ। ਇਨਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਅਪਰਾਧ ਮਾਮਲਿਆਂ ਸਬੰਧੀ ਕੇਸ ਦਰਜ ਹਨ।