ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਾਰਚ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਲੋਕ ਸਭਾ ਵਿਚ ਅੰਮ੍ਰਿਤਸਰ ਸ਼ਹਿਰ ’ਚੋਂ ਲੰਘਦੇ ਦੋ ਪ੍ਰਮੁੱਖ ਗੰਦੇ ਨਾਲੇ ਢਕਣ ਦੀ ਮੰਗ ਕੀਤੀ ਹੈ। ਇਨ੍ਹਾਂ ਵਿਚੋਂ ਇਕ ਗੰਦਾ ਨਾਲਾ ਪਾਕਿਸਤਾਨ ਵਿਚ ਵੀ ਦਾਖਲ ਹੁੰਦਾ ਹੈ ਅਤੇ ਪਾਕਿਸਤਾਨ ਵਲੋਂ ਇਸ ਸਬੰਧ ਵਿਚ ਭਾਰਤ ਖ਼ਿਲਾਫ਼ ਯੂਐੱਨਓ ਨੂੰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਲੋਕ ਸਭਾ ਵਿਚ ਕਿਹਾ ਕਿ ਸ਼ਹਿਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਤੁੰਗ ਢਾਬ ਡਰੇਨ ਬਣਾਈ ਗਈ ਸੀ। ਇਸ ਦੀ ਉਸਾਰੀ 1955 ਵਿਚ ਕੀਤੀ ਗਈ ਸੀ। ਇਹ ਗੰਦਾ ਨਾਲਾ ਵੱਖ ਵੱਖ ਹਲਕਿਆਂ ਵਿਚੋਂ ਲੰਘਦਾ ਹੋਇਆ ਅਟਾਰੀ ਨੇੜੇ ਹਡਵਾਰਾ ਨਾਲੇ ਵਿਚ ਜਾ ਕੇ ਮਿਲਦਾ ਹੈ, ਜੋ ਕਿ ਪਾਕਿਸਤਾਨ ਵਿਚ ਦਾਖਲ ਹੁੰਦਾ ਹੈ ਅਤੇ ਉਸ ਤੋਂ ਬਾਅਦ ਰਾਵੀ ਦਰਿਆ ਵਿਚ ਮਿਲ ਜਾਂਦਾ ਹੈ। ਇਸ ਸਬੰਧ ਵਿਚ ਪੀਜੀਆਈ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਬਲਯੂਡਬਲਯੂਐੱਫ ਅਤੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਂਡ ਰਿਸਰਚ ਵਲੋਂ ਜਾਂਚ ਵੀ ਕੀਤੀ ਗਈ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਇਸ ਨਾਲੇ ਕਾਰਨ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਇਸ ਇਲਾਕੇ ਦੇ ਲੋਕਾਂ ਦਾ ਡੀਐੱਨਏ ਪ੍ਰਭਾਵਿਤ ਹੋ ਰਿਹਾ ਹੈ।