ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 8 ਜੁਲਾਈ
ਆਵਾਜ਼ ਰੰਗਮੰਚ ਟੋਲੀ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਲੇਖਕ ਆਤਮਜੀਤ ਸਿੰਘ ਦੇ ਲਿਖੇ ਨਾਟਕ ਮੁਰਗੀਖ਼ਾਨਾ ਦੀ ਸਫਲ ਪੇਸ਼ਕਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਆਵਾਜ਼ ਰੰਗਮੰਚ ਟੋਲੀ ਵਲੋਂ ਲਗਾਈ ਗਈ ਇੱਕ ਮਹੀਨੇ ਦੀ ਰੰਗਮੰਚ ਵਰਕਸ਼ਾਪ ਵਿੱਚ ਰੰਗਮੰਚ ਦੀ ਸਿਖਲਾਈ ਲੈ ਰਹੇ ਸਿਖਿਆਰਥੀ ਕਲਾਕਾਰਾਂ ਵਲੋਂ ਤਿਆਰ ਕੀਤੇ ਇਸ ਨਾਟਕ ਨੂੰ ਕੰਵਲ ਰੰਧੇਅ ਅਤੇ ਕਰਮਜੀਤ ਸੰਧੂ ਵਲੋਂ ਨਿਰਦੇਸ਼ਿਤ ਕੀਤਾ ਗਿਆ। ਨਾਟਕ ਮੁਰਗੀਖ਼ਾਨਾ ਵਿੱਚ ਦੇਸ਼ ਦੇ ਰਾਜਨੀਤਕ ਹਾਲਾਤਾਂ ’ਤੇ ਤਿੱਖਾ ਵਿਅੰਗ ਕੀਤਾ ਗਿਆ। ਇਸ ਨਾਟਕ ਵਿੱਚ ਸਾਰੇ ਸੰਵਾਦ ਕਾਵਿ ਰੂਪ ਵਿੱਚ ਸਨ। ਨਾਟਕ ਵਿੱਚ ਦਿਖਾਇਆ ਗਿਆ ਕਿ ਕਿਵੇਂ ਦੇਸ਼ ਇਕ ਮੁਰਗੀਖ਼ਾਨੇ ਵਾਂਗ ਹੈ, ਜਿਸ ਵਿੱਚ ਲੋਕ ਰਾਜਨੀਤਿਕ ਲੀਡਰਾਂ ਪਿੱਛੇ ਲੱਗ ਕੇ ਕੁੱਕੜਾਂ ਵਾਂਗ ਲੜਦੇ ਹਨ ਅਤੇ ਕਿਵੇਂ ਲੀਡਰ ਲੋਕਾਂ ਨੂੰ ਆਪਸ ਵਿੱਚ ਲੜਵਾ ਕੇ ਆਪ ਇਕ ਦੂਜੇ ਨਾਲ ਇਕੋ-ਮਿਕੋ ਹੁੰਦੇ ਹਨ। ਨਾਟਕ ਦੇ ਸੰਵਾਦ ਡੂੰਘੇ ਅਰਥਾਂ ਵਾਲੇ ਸਨ, ਜੋ ਲੋਕਾਂ ਨੂੰ ਇਕ ਚੰਗਾ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ। ਬ੍ਰਾਈਟ ਵੇਅ ਹੋਲੀ ਇਨੋਸੈਂਟ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਅਤੇ ਸਮਾਜ ਸੇਵੀ ਬਾਲ ਕ੍ਰਿਸ਼ਨ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰੰਗਮੰਚ ਵਰਕਸ਼ਾਪ ਦੀ ਡਾਇਰੈਕਟਰ ਨਵਨੀਤ ਰੰਧੇਅ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਰੁਬਲ, ਨਿਖਿਲ, ਨਵਦੀਪ ਸਿੰਘ, ਸੁਰਖ਼ਾਬ ਸਿੰਘ, ਮਨਪ੍ਰੀਤ ਕੌਰ, ਵੈਸ਼ਨਵੀ, ਤਨਵੀ ਪ੍ਰੀਆ, ਅੰਸ਼, ਰਾਹੁਲ, ਕੋਮਲਪ੍ਰੀਤ ਕੌਰ, ਗੈਵੀ ਸ਼ੇਰਗਿੱਲ, ਦੀਪ ਮਨਨ, ਸਾਹਿਲ ਪ੍ਰੀਤਨਗਰ ਵਲੋਂ ਨਾਟਕ ਦੀ ਪੇਸ਼ਕਾਰੀ ਦਿੱਤੀ ਗਈ।