ਟ੍ਰਿਬਿਊਨ ਨਿਊਜ਼ ਸਰਵਿਸ
ਅੰਮਿ੍ਰਤਸਰ, 27 ਜੂਨ
ਦਲ ਖਾਲਸਾ ਨੇ ਦੋਸ਼ ਲਗਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਜ਼ਿਮਨੀ ਚੋਣ ਵਿੱਚ ਬੰਦੀ ਸਿੰਘਾਂ ਦੇ ਮੁੱਦੇ ਨੂੰ ਪਾਰਟੀ ਦੇ ਏਜੰਡੇ ਵਜੋਂ ਉਭਾਰਨਾ ਇੱਕ ਢਕਵੰਜ ਸੀ ਜਿਸ ਨਾਲ ਨਾ ਸਿਰਫ਼ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਮੁਹਿੰਮ ਨੂੰ ਢਾਹ ਲੱਗੀ ਹੈ, ਸਗੋਂ ਇਸ ਨਾਲ ਅਕਾਲ ਤਖ਼ਤ ਦੇ ਜਥੇਦਾਰ ਦੀ ਸਾਖ ਨੂੰ ਵੀ ਸੱਟ ਵੱਜੀ ਹੈ, ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਾ ਸਿਰਫ਼ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ, ਸਗੋਂ ਰਾਜਨੀਤੀ ਵੀ ਛੱਡ ਦੇਣੀ ਚਾਹੀਦੀ ਹੈ। ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਨੂੰ ਨਾ ਤਾਂ ਬੰਦੀ ਸਿੰਘਾਂ ਨਾਲ ਪਿਆਰ ਹੈ ਅਤੇ ਨਾ ਹੀ ਉਸ ਮਕਸਦ ਪ੍ਰਤੀ ਹਮਦਰਦੀ ਹੈ, ਜਿਸ ਦੀ ਪ੍ਰਾਪਤੀ ਲਈ ਜੂਝਦਿਆਂ ਇਹ 9 ਸਿੰਘ ਬੰਦੀ ਬਣੇ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਜੀਤ ਕੌਰ ਦੀ ਹੋਈ ਹਾਰ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਮੁਹਿੰਮ ਨੂੰ ਭਾਰੀ ਸੱਟ ਵੱਜੀ ਹੈ। ਉਨਾਂ ਦੋਸ਼ ਲਾਇਆ ਕਿ ਆਪਣੀ ਖ਼ੁੱਸੀ ਸਿਆਸੀ ਜ਼ਮੀਨ ਨੂੰ ਹਾਸਲ ਕਰਨ ਲਈ ਉਸ ਨੇ ਚਲਾਕੀ ਨਾਲ ਅਕਾਲ ਤਖਤ ਦਾ ਸਹਾਰਾ ਅਤੇ ਬੰਦੀ ਸਿੰਘਾਂ ਦਾ ਮੋਢਾ ਵਰਤਿਆ ਹੈ ਜੋ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਦਲ ਖਾਲਸਾ ਦੇ ਆਗੂ ਨੇ ਕਿਹਾ ਅਕਾਲੀ ਦਲ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਬਾਦਲ ਪਰਿਵਾਰ ਪੰਥ ਅਤੇ ਪੰਜਾਬ ਦੇ ਭਲੇ ਲਈ ਪੰਥਕ ਪਿੜ ਵਿੱਚੋਂ ਲਾਂਭੇ ਹੋਵੇ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇ ਕਾਰਨ ਜਾਣਨ ਲਈ ਪਾਰਟੀ ਵੱਲੋਂ ਗਠਿਤ ਸਬ-ਕਮੇਟੀ ਦੀ ਰਿਪੋਰਟ, ਜਿਸ ਵਿੱਚ ਲੀਡਰਸ਼ਿਪ ਨੂੰ ਅਸਤੀਫ਼ੇ ਦੇਣ ਦੀ ਸਿਫ਼ਾਰਸ਼ ਕੀਤੀ ਗਈ ਸੀ, ਨੂੰ ਵੀ ਉਸ ਨੇ ਠੰਢੇ ਬਸਤੇ ਪਾ ਦਿੱਤਾ ਹੈ। ਜਥੇਬੰਦੀ ਨੇ ਯੂ-ਟਿਊਬ ਤੋਂ ਸਿੱਧੂ ਮੂਸੇਵਾਲਾ ਦਾ ਗੀਤ ਐੱਸ.ਵਾਈ.ਐੱਲ ਹਟਾਉਣ ਦੀ ਵੀ ਨਿਖੇਧੀ ਕੀਤੀ ਹੈ।