ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਸਤੰਬਰ
ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ’ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਦਾਖਲ ਹੋਏ ਕਰਮਜੀਤ ਸਿੰਘ ਗਿੱਲ ਵੱਲੋਂ ਜ਼ਮਾਨਤ ਲਈ ਦਰਖ਼ਾਸਤ ਜ਼ਿਲ੍ਹਾ ਸੈਸ਼ਨ ਜੱਜ ਨੇ ਰੱਦ ਕਰ ਦਿੱਤੀ ਹੈ। ਇਸ ਸਬੰਧੀ ਸ੍ਰੋਮਣੀ ਕਮੇਟੀ ਦੇ ਬੁਲਾਰੇ ਤੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਅਦਾਲਤ ’ਚ ਕਰਮਜੀਤ ਸਿੰਘ ਗਿੱਲ ਦੇ ਵਕੀਲਾਂ ਨੇ ਇਹ ਦਲੀਲਾਂ ਦਿੱਤੀਆਂ ਕਿ ਉਸ ਦਾ ਮਕਸਦ ਧਾਰਮਿਕ ਭਾਵਨਾਵਾਂ ਭੜਕਾਉਣਾ ਨਹੀਂ, ਬਲਕਿ ਉਹ ਆਪਣੇ ਰਾਜਸੀ ਗੁਰੂ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਮੱਥਾ ਟੇਕਣ ਜਾਣ ਤੱਕ ਸੀਮਤ ਸੀ। ਇਸ ਸਬੰਧੀ ਕਮਿਸ਼ਨਰੇਟ ਪੁਲੀਸ ਵੱਲੋਂ ਕੀਤੀ ਤਫਤੀਸ਼, ਜਿਸ ’ਚ ਉਸ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ’ਚ ਧਾਰਾ 153-ਏ ਅਧੀਨ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸਰਕਾਰੀ ਵਕੀਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਐਡਵੋਕੇਟ ਪੇਸ਼ ਹੋਏ, ਜਿਨ੍ਹਾਂ ਦਲੀਲ ਦਿੱਤੀ ਕਿ ਮੁਲਜ਼ਮ ਸ੍ਰੀ ਦਰਬਾਰ ਸਾਹਿਬ ’ਚ ਮੱਥਾ ਟੇਕਣ ਨਹੀਂ ਬਲਕਿ ਇਕ ਫਿਰਕੇ ਦੀਆਂ ਭਾਵਨਾਵਾਂ ਭੜਕਾਉਣ ਲਈ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਵਿਅਕਤੀ ਨੇ ਆਪਣੇ ਰਾਜਸੀ ਗੁਰੂ ਦੀ ਤਸਵੀਰ ਵਾਲਾ ਕੇਕ ਕੱਟਿਆ ਸੀ, ਜਿਸ ਮਗਰੋਂ ਇਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ ਤੇ ਪੁਲੀਸ ਨੇ ਇਨ੍ਹਾਂ ਨੂੰ ਸੁਰੱਖਿਆ ਦਿੱਤੀ। ਸ੍ਰੀ ਦਰਬਾਰ ਸਾਹਿਬ ’ਚ ਵੀ ਇਹ ਵਿਅਕਤੀ ਪਹਿਲਾਂ ਹੋਰ ਕਮੀਜ਼ ਪਾ ਕੇ ਦਾਖ਼ਲ ਹੋਇਆ, ਪਰ ਮਗਰੋਂ ਇਹ ਟੀ-ਸ਼ਰਟ ਜਿਸ ’ਤੇ ਜਗਦੀਸ਼ ਟਾਈਟਲਰ ਦੀ ਤਸਵੀਰ ਛਾਪੀ ਹੋਈ ਸੀ, ਪਾ ਕੇ ਸ੍ਰੀ ਦਰਬਾਰ ਸਾਹਿਬ ’ਚ ਤਸਵੀਰਾਂ ਖਿੱਚੀਆਂ, ਜੋ ਇਸਨੇ ਸੋਸ਼ਲ ਮੀਡੀਆ ’ਤੇ ਪਾਈਆਂ।