ਮੁੱਖ ਅੰਸ਼
- ਜਲੰਧਰ ਜ਼ਿਲ੍ਹੇ ਦੇ ਛੇ ਹਜ਼ਾਰ ਮੁਲਾਜ਼ਮਾਂ ਨੇ ਹੜਤਾਲ ’ਚ ਹਿੱਸਾ ਲਿਆ
- ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਹੁਦੇ ਤੋਂ ਹਟਾਉਣ ’ਤੇ ਜ਼ੋਰ
ਪਾਲ ਸਿੰਘ ਨੌਲੀ
ਜਲੰਧਰ, 16 ਮਾਰਚ
ਬੈਂਕਾਂ ਦੀ ਦੋ ਦਿਨਾਂ ਹੜਤਾਲ ਦੌਰਾਨ ਅੱਜ 500 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਜਦਕਿ ਬੀਤੇ ਕੱਲ੍ਹ 800 ਕਰੋੜ ਦਾ ਕੰਮ ਪ੍ਰਭਾਵਿਤ ਹੋਇਆ ਸੀ। ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਇਸ ਦੋ ਦਿਨਾਂ ਹੜਤਾਲ ਦੇ ਚੱਲਦਿਆਂ 13 ਹਜ਼ਾਰ ਕਰੋੜ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਬੈਂਕਾਂ ਦੇ ਨਿੱਜੀਕਰਨ ਅਤੇ ਐੱਨਪੀਏ ਹੋਏ ਖਾਤਿਆਂ ਨੂੰ ਬੰਦ ਕਰਨ ਦਾ ਤਿੱਖਾ ਵਿਰੋਧ ਕੀਤਾ ਗਿਆ। ਜਥੇਬੰਦੀ ਦੇ ਕਨਵੀਨਰ ਕਾਮਰੇਡ ਅੰਮ੍ਰਿਤ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ 750 ਦੇ ਕਰੀਬ ਬ੍ਰਾਂਚਾਂ ਦੇ ਮੁਲਾਜ਼ਮ ਹੜਤਾਲ ਵਿਚ ਸ਼ਾਮਲ ਹੋਏ। ਬੈਂਕਾਂ ਬੰਦ ਰਹਿਣ ਕਾਰਨ 500 ਕਰੋੜ ਦਾ ਕਾਰੋਬਾਰ ਠੱਪ ਰਿਹਾ। ਉਨ੍ਹਾਂ ਦੱਸਿਆ ਕਿ ਹੜਤਾਲ ਕਰਕੇ 30 ਹਜ਼ਾਰ ਚੈੱਕ ਕਲੀਅਰ ਨਹੀਂ ਹੋਏ, ਜਿਨ੍ਹਾਂ ਦੀ ਰਕਮ 260 ਕਰੋੜ ਦੇ ਕਰੀਬ ਬਣਦੀ ਹੈ। ਇਸੇ ਤਰ੍ਹਾਂ 240 ਕਰੋੜ ਦਾ ਲੈਣ-ਦੇਣ ਵੀ ਨਹੀਂ ਹੋਇਆ। ਕਾਮਰੇਡ ਅੰਮ੍ਰਿਤ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ 6000 ਬੈਂਕ ਮੁਲਾਜ਼ਮਾਂ ਨੇ ਇਸ ਹੜਤਾਲ ਵਿਚ ਹਿੱਸਾ ਲਿਆ।
ਹੜਤਾਲ ਦੌਰਾਨ ਬੈਂਕ ਮੁਲਾਜ਼ਮ ਐੱਸਬੀਆਈ ਦੀ ਮੁੱਖ ਬ੍ਰਾਂਚ ਅੱਗੇ ਇਕੱਠੇ ਹੋਏ ਤੇ ਉਨ੍ਹਾਂ ਕੇਂਦਰ ਸਰਕਾਰ ਦੀਆਂ ਬੈਂਕਾਂ ਨੂੰ ਨਿੱਜੀਕਰਨ ਦੀਆਂ ਨੀਤੀਆਂ ਦੀ ਜ਼ੋਰਦਾਰ ਵਿਰੋਧਤਾ ਕੀਤੀ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਬੈਂਕ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਹੁਦੇ ਤੋਂ ਵੱਖ ਕੀਤਾ ਜਾਵੇ। ਇਸ ਧਰਨੇ ਨੂੰ ਦਲੀਪ ਕੁਮਾਰ ਪਾਠਕ, ਕਮਲਦੀਪ ਸਿੰਘ ਕਾਲੜਾ, ਕਾਮਰੇਡ ਦਿਨੇਸ਼ ਡੋਗਰਾ, ਐੱਚਐੱਸ ਬੀਰ, ਰਜੇਸ਼ ਵਰਮਾ, ਬਲਜੀਤ ਕੌਰ, ਸੁਨੀਲ ਕਪੂਰ, ਸੰਜੀਵ ਭੱਲਾ, ਪਵਨ ਬਾਸੀ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਬੈਂਕਾਂ ਦੇ ਨਿੱਜੀਕਰਨ ਖਿਲਾਫ਼ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਚੱਲਦਿਆਂ ਅੱਜ ਹੁਸ਼ਿਆਰਪੁਰ ਵਿਚ ਪਬਲਿਕ ਸੈਕਟਰ ਦੇ ਬੈਂਕਾਂ ਦੇ ਮੁਲਾਜ਼ਮਾਂ ਨੇ ਦੂਜੇ ਦਿਨ ਵੀ ਕੰਮਕਾਜ ਬੰਦ ਕਰਕੇ ਹੜਤਾਲ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚੇਗਾ। ਉਨ੍ਹਾਂ ਕਿਹਾ ਕਿ ਬੈਂਕਾਂ ਦੇ ਅਪਨਿਵੇਸ਼ ਨਾਲ ਜਨਤਾ ਦੀ ਬਚਤ ਪੂੰਜੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਨੂੰ ਬੈਕਾਂ ਦੇ ਨਿੱਜੀਕਰਨ ਦੇ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ। ਮੁਲਾਜ਼ਮਾਂ ਨੇ ਖੇਤੀ ਕਾਨੂੰਨਾਂ ਲਈ ਵੀ ਸਰਕਾਰ ਦੀ ਨਿਖੇਧੀ ਕੀਤੀ।
ਨਿੱਜੀਕਰਨ ਨੀਤੀ ਨੂੰ ਹੁਲਾਰਾ ਦੇਣ ’ਤੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਬੈਂਕ ਕਰਮਚਾਰੀਆਂ ਵੱਲੋਂ ਬੈਂਕਾਂ ਦੇ ਨਿੱਜੀਕਰਨ ਦੇ ਫੈਸਲੇ ਖ਼ਿਲਾਫ਼ ਕੀਤੀ ਗਈ ਦੋ ਦਿਨਾਂ ਹੜਤਾਲ ਦੌਰਾਨ ਅੱਜ ਦੂਜੇ ਦਿਨ ਵੀ ਬੈਂਕਾਂ ਦਾ ਕੰਮਕਾਜ ਠੱਪ ਰਿਹਾ। ਇਸ ਦੌਰਾਨ ਬੈਂਕ ਕਰਮਚਾਰੀ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੈਂਕ ਕਰਮਚਾਰੀ ਯੂਨੀਅਨਾਂ ਵਲੋਂ ਇਹ ਦੋ-ਰੋਜ਼ਾ ਹੜਤਾਲ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਕੀਤੀ ਗਈ ਸੀ। ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਕੇਸ਼ ਬਜਾਜ ਨੇ ਦੱਸਿਆ ਕਿ ਅੱਜ ਦੂਜੇ ਦਿਨ ਵੀ ਜਨਤਕ ਖੇਤਰ ਦੇ ਸਾਰੇ ਬੈਂਕ ਬੰਦ ਰਹੇ ਹਨ ਅਤੇ ਬੈਂਕਾਂ ਦਾ ਕੰਮਕਾਜ ਠੱਪ ਰਿਹਾ ਹੈ। ਇਸ ਦੌਰਾਨ ਅੱਜ ਵਪਾਰੀਆਂ ਅਤੇ ਆਮ ਲੋਕਾਂ ਨੂੰ ਬੈਂਕ ਗਤੀਵਿਧੀਆਂ ਠੱਪ ਰਹਿਣ ਕਾਰਨ ਪ੍ਰੇਸ਼ਾਨੀ ਪੇਸ਼ ਆਈ ਤੇ ਕਰੋੜਾਂ ਰੁਪਏ ਦਾ ਲੈਣ-ਦੇਣ ਵੀ ਨਹੀਂ ਹੋ ਸਕਿਆ।