ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਨਵੰਬਰ
ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਪੰਜਾਬ ਸਰਕਾਰ ਦੀ ਬਸੇਰਾ ਯੋਜਨਾ ਤਹਿਤ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀ ਵਾਰਡ ਨੰਬਰ 71 ਝਬਾਲ ਰੋਡ ਦੇ ਏਕਤਾ ਨਗਰ ਵਿੱਚ ਝੁੱਗੀ ਝੌਪੜੀਆਂ ਵਾਲੇ 32 ਪਰਿਵਾਰਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇ ਸਰਟੀਫਿਕੇਟ ਵੰਡੇ।
ਇਸ ਮੌਕੇ ਸ੍ਰੀ ਸੋਨੀ ਨੇ ਦੱਸਿਆ ਕਿ ਬਸੇਰਾ ਸਕੀਮ ਦਾ ਮੁੱਖ ਮੰਤਵ ਪੰਜਾਬ ਨੂੰ ਸਲੱਮ-ਮੁਕਤ ਕਰਨਾ ਹੈ ਅਤੇ ਸਲੱਮ ਨਾਗਰਿਕਾਂ ਨੂੰ ਮੁੱਢਲੀਆਂ ਸਹੂਲਤਾਂ ਦੇ ਕੇ ਉਨ੍ਹਾਂ ਦਾ ਮੁੜ ਵਸੇਬਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਲਕਾਨਾ ਹੱਕ ਸਰਟੀਫਿਕੇਟ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਮੰਨਣਯੋਗ ਹੋਵੇਗਾ ਅਤੇ ਲਾਭਪਾਤਰੀ ਕਿਸੇ ਵਿੱਤੀ ਸੰਸਥਾ ਪਾਸੋਂ ਘਰ ਬਣਾਉਣ ਲਈ ਕਰਜ਼ਾ ਲੈਣ ਦੇ ਮੰਤਵ ਨਾਲ ਇਸ ਨੂੰ ਗਿਰਵੀ ਵੀ ਰੱਖ ਸਕਣਗੇ। ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸਲੱਮ ਏਰੀਏ ’ਤੇ 12 ਲੱਖ ਰੁਪਏ ਖਰਚ ਕੇ ਨਵੀਂ ਸੜਕ ਵੀ ਬਣਾਈ ਜਾਵੇਗੀ ਅਤੇ ਉਸ ਜਗ੍ਹਾ ’ਤੇ 20 ਲੱਖ ਰੁਪਏ ਨਾਲ ਪਾਣੀ, ਸੀਵਰੇਜ ਅਤੇ ਸਟਰੀਟ ਲਾਈਟਾਂ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਅਤੇ ਇਨ੍ਹਾਂ ਪਰਿਵਾਰਾਂ ਲਈ ਅੱਜ ਹੀ ਦੀਵਾਲੀ ਹੈ ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਗਏ ਹਨ।