ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਮਈ
ਇੱਥੇ ਸ਼ਿਵਾਲਾ ਰੋਡ ਨੇੜੇ ਇੱਕ ਹੋਟਲ ਦਾ ਕਮਰਾ ਬਿਨਾਂ ਸ਼ਨਾਖਤੀ ਕਾਰਡ ਦੇਣ ਤੋਂ ਨਾਂਹ ਕਰਨ ’ਤੇ ਕਮਰਾ ਲੈਣ ਆਏ ਤਿੰਨ ਵਿਅਕਤੀਆਂ ਨੇ ਕਰਮਚਾਰੀ ਦੀ ਕੁੱਟਮਾਰ ਕੀਤੀ। ਇਸ ਸਬੰਧੀ ਥਾਣਾ ਏ ਡਿਵੀਜ਼ਨ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 323, 324, 506 ਤੇ 34 ਹੇਠ ਕੇਸ ਦਰਜ ਕਰ ਲਿਆ ਗਿਆ ਹੈ।
ਰਾਜੀਵ ਖੋਖਰ ਨਾਂ ਦੇ ਵਿਅਕਤੀ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ ਲਗਪਗ 9.30 ਵਜੇ ਜਦੋਂ ਉਹ ਅਤੇ ਹੋਟਲ ਮੈਨੇਜਰ ਤਿਰਲੋਕੀ ਨਾਥ ਰਿਸੈਪਸ਼ਨ ’ਤੇ ਬੈਠੇ ਹੋਏ ਸਨ ਤਾਂ ਇੱਕ ਔਰਤ ਸਮੇਤ ਤਿੰਨ ਵਿਅਕਤੀ ਹੋਟਲ ਵਿੱਚ ਆਏ, ਜਿਨਾਂ ਇੱਕ ਕਮਰਾ ਕਿਰਾਏ ’ਤੇ ਦੇਣ ਦੀ ਮੰਗ ਕੀਤੀ। ਉਸਨੇ ਇਸ ਸਬੰਧ ਵਿੱਚ ਸ਼ਨਾਖਤੀ ਕਾਰਡ ਦੀ ਕਾਪੀ ਦੇਣ ਵਾਸਤੇ ਆਖਿਆ ਪਰ ਉਨ੍ਹਾਂ ਨੇ ਸ਼ਨਾਖਤੀ ਕਾਰਡ ਦੇਣ ਤੋਂ ਨਾਂਹ ਕਰ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਕਮਰਾ ਦੇਣ ਤੋਂ ਨਾਂਹ ਕਰਨ ’ਤੇ ਉਨ੍ਹਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਇੱਕ ਵਿਅਕਤੀ ਨੇ ਉਸਨੂੰ ਮੁੱਕਾ ਮਾਰਿਆ ਅਤੇ ਚਾਕੂ ਕੱਢ ਲਿਆ ਤੇ ਉਸਨੂੰ ਜ਼ਖਮੀ ਕਰ ਦਿੱਤਾ ਜਦਕਿ ਔਰਤ ਨੇ ਵੀ ਪਿਸਤੌਲਨੁਮਾ ਕੋਈ ਹਥਿਆਰ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਰੌਲਾ ਰੱਪਾ ਸੁਣ ਕੇ ਲੋਕ ਇਕੱਠੇ ਹੋ ਗਏ ਜਿਸ ’ਤੇ ਇਹ ਤਿੰਨੋਂ ਵਿਅਕਤੀ ਮੌਕੇ ਤੋਂ ਭੱਜ ਗਏ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।