ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਦਾ ਜਨਮ ਦਿਹਾੜਾ ਅੱਜ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਭਾਈ ਸੁਖਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਜਦੋਂ ਕਿ ਅਰਦਾਸ ਭਾਈ ਸਲਵਿੰਦਰ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾਂ ਭਾਈ ਸੁਖਵਿੰਦਰ ਨੇ ਸਰਵਣ ਕਰਵਾਇਆ। ਕਥਾਵਾਚਕ ਭਾਈ ਸੁਖਵਿੰਦਰ ਸਿੰਘ ਨੇ ਭਗਤ ਨਾਮਦੇਵ ਦੇ ਜੀਵਨ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਆਖਿਆ ਕਿ ਭਗਤ ਨਾਮਦੇਵ ਦੀ ਬਾਣੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ, ਜਿਸ ਵਿੱਚੋਂ ਰੱਬੀ ਅਤੇ ਮਨੁੱਖੀ ਏਕਤਾ ਦੀ ਸੇਧ ਮਿਲਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਬਿਜੈ ਸਿੰਘ, ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਨਿਰਵੈਲ ਸਿੰਘ ਤੇ ਪਰਮਜੀਤ ਸਿੰਘ ਹਰਿਆਣਾ ਆਦਿ ਹਾਜ਼ਰ ਸਨ।
ਘੁਮਾਣ (ਪੱਤਰ ਪ੍ਰੇਰਕ): ਇੱਥੇ ਸ਼੍ਰੋਮਣੀ ਭਗਤ ਨਾਮਦੇਵ ਦਾ 752ਵਾਂ ਪ੍ਰਕਾਸ਼ ਦਿਹਾੜਾ ਸੰਗਤ ਨੇ ਸ਼ਰਧਾ ਭਾਵਨਾ ਨਾਲ ਮਨਾਇਆ। ਇਸ ਦੌਰਾਨ ਦਰਬਾਰ ਕਮੇਟੀ ਘੁਮਾਣ ਵੱਲੋਂ ਭਗਤ ਨਾਮਦੇਵ ਦੇ ਅੰਤਿਮ ਅਸਥਾਨ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਨਗਰ ਕੀਰਤਨ ਦਾ ਸੰਗਤ ਨੇ ਥਾਂ ਥਾਂ ‘ਤੇ ਸਵਾਗਤ ਕੀਤਾ। ਭਗਤ ਨਾਮਦੇਵ ਦੇ ਅੰਤਿਮ ਅਸਥਾਨ ‘ਚ ਬਣੇ ਗੁਰਦੁਆਰਾ ਸਾਹਿਬ ‘ਚ ਰਾਗੀ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ।
ਗੁਰਦੁਆਰਾ ਅੱਚਲ ਸਾਹਿਬ ਦਾ ਜੋੜ ਮੇਲਾ ਸ਼ੁਰੂ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਇਤਿਹਾਸਕ ਗੁਰਦੁਆਰਾ ਅੱਚਲ ਸਾਹਿਬ ਵਿਖੇ ਨੌਵੀਂ ਤੇ ਦਸਵੀਂ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਆਰੰਭ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿੱਚ ਬੀਤੇ ਦੋ ਦਿਨ ਤੋਂ ਰੱਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਜਾਣਕਾਰੀ ਮੁਤਾਬਿਕ ਅੱਚਲੇਸ਼ਵਰ ਧਾਮ ‘ਚ ਲੰਘੇ ਤਿੰਨ ਦਿਨਾਂ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਏ। ਜਦੋਂ ਕਿ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲੇ ਪੰਡਾਲ ਅੰਦਰ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਗੁਰੂ ਨਾਨਕ ਦੇਵ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਸੰਗਤ ਨੂੰ ਗੁਰ ਸ਼ਬਦ ਨਾਲ ਜੋੜਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਵੱਲੋਂ ਦਿੱਤੇ ਗਏ ਸਿਧਾਂਤ ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ ‘ਤੇ ਚੱਲ ਕੇ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਜਥੇਦਾਰ ਗੋਰਾ ਨੇ ਸਮੂਹ ਸੰਗਤ ਨੂੰ ਸਾਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ।