ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਅਪਰੈਲ
ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਅਧੀਨ ਬਣਨ ਵਾਲੇ ਬਾਈਪਾਸ, ਰਿੰਗ ਰੋਡ ਅਤੇ ਐਕਸਪ੍ਰੈਸਵੇਅ ਆਦਿ ਨਾਲ ਸਬੰਧਤ ਸਮੱਸਿਆਵਾਂ ਨੂੰ ਲੈ ਕੇ ਕਿਸਾਨਾਂ ਦਾ ਵਫਦ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ। ਕਿਸਾਨਾਂ ਨੇ ਇਸ ਸਬੰਧੀ ਸਮੱਸਿਆਵਾਂ ਨੂੰ ਕੈਬਨਿਟ ਮੰਤਰੀ ਦੇ ਧਿਆਨ ਵਿਚ ਲਿਆਂਦਾ ਅਤੇ ਮਦਦ ਦੀ ਮੰਗ ਕੀਤੀ।
ਗੌਰਤਲਬ ਹੈ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਪੰਜਾਬ ਵਿੱਚੋਂ ਕਈ ਸੜਕਾਂ ਲੰਘਣੀਆਂ ਹਨ ਜਿਨ੍ਹਾਂ ਨਾਲ ਪੰਜਾਬ ਦੇ 19 ਜ਼ਿਲ੍ਹਿਆਂ ਦੀ 30,000 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਸੜਕਾਂ ਹੇਠ ਆ ਜਾਵੇਗੀ। ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਇਸ ਕਾਰਜ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦਾ ਮੁਆਵਜ਼ਾ ਕਥਿਤ ਤੌਰ ’ਤੇ ਘੱਟ ਦੇਣ, ਮੁਆਵਜ਼ਾ ਨਿਰਧਾਰਤ ਕਰਨ ਵੇਲੇ ਮਨਮਾਨੀਆਂ ਕਰਨ, ਸਰਵਿਸ ਲੇਨ ਨਾ ਦੇਣ, ਸਿੰਜਾਈ ਪ੍ਰਭਾਵਿਤ ਹੋਣ ਦੇ ਖ਼ਦਸ਼ੇ ਕਾਰਨ ਪੀੜਤ ਕਿਸਾਨਾਂ ਦੀ ਦੁਹਾਈ ਅਣਸੁਣੀ ਹੋ ਗਈ ਸੀ ਜਿਸ ਕਾਰਨ ਕਿਸਾਨ ਖ਼ਫਾ ਹਨ। ਹੁਣ ‘ਆਪ’ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਨਵੀਂ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ ਅਤੇ ਉਨ੍ਹਾਂ ਆਪਣੀਆਂ ਸਮੱਸਿਆਵਾਂ ਸਰਕਾਰ ਤਕ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਅੱਜ ਇਸੇ ਤਹਿਤ ਕਾਮਰੇਡ ਲਖਬੀਰ ਸਿੰਘ ਨਿਜਾਮਪੁਰ, ਮੀਤ ਪ੍ਰਧਾਨ, ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਇਲਾਕੇ ਦੇ ਅਗਾਂਹਵਧੂ ਕਿਸਾਨ ਡਾ. ਇੰਦਰਜੀਤ ਸਿੰਘ ਮਹਿਲ ਕਲਾਂ ਅਤੇ ਸੰਤੋਖ ਸਿੰਘ ਨੰਬਰਦਾਰ, ਪਿੰਡ ਅਦਲੀਵਾਲਾ, ਮੀਤ ਪ੍ਰਧਾਨ ਰੋਡ ਕਿਸਾਨ ਸੰਘਰਸ਼ ਕਮੇਟੀ ਦਾ ਵਫ਼ਦ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਨ੍ਹਾਂ ਦੇ ਪਿੰਡ ਜਗਦੇਵ ਕਲਾਂ ਵਿੱਚ ਮਿਲਿਆ। ਵਫਦ ਨੇ ਇਸ ਹਾਈਵੇਅ ਤਹਿਤ ਪੰਜਾਬ ਵਿੱਚ ਬਣਨ ਜਾ ਰਹੇ ਬਾਈਪਾਸ, ਰਿੰਗ ਰੋਡ ਅਤੇ ਐਕਸਪ੍ਰੈਸ ਵੇਅ ਨਾਲ ਸਬੰਧਤ ਕਈ ਸਮੱਸਿਆਵਾਂ ਸ੍ਰੀ ਧਾਲੀਵਾਲ ਦੇ ਧਿਆਨ ਵਿੱਚ ਲਿਆਂਦੀਆਂ। ਜ਼ਿਲ੍ਹਾ ਕਪੂਰਥਲਾ ਦੇ ਪ੍ਰਭਾਵਿਤ ਕਿਸਾਨਾਂ ਅਤੇ ਪੰਜਾਬ ਦੇ ਮਾਲ ਮੰਤਰੀ ਵਿਚਾਲੇ ਹੋਣ ਵਾਲੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਨੂੰ ਇਸ ਸਬੰਧੀ ਮਾਮਲਾ ਰੱਖਣ ਲਈ ਕਿਹਾ ਗਿਆ ਹੈ। ਵਫਦ ਦੇ ਆਗੂਆਂ ਨੇ ਦੱਸਿਆ ਕਿ ਸ੍ਰੀ ਧਾਲੀਵਾਲ ਨੇ ਸਹਿਯੋਗ ਦਾ ਭਰੋਸਾ ਦਿੱਤਾ ਹੈ ਅਤੇ ਮੌਕੇ ’ਤੇ ਹੀ ਮਾਲ ਮੰਤਰੀ ਨਾਲ ਗੱਲਬਾਤ ਕਰਕੇ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਨੇ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਨਾਲ ਵੀ ਫ਼ੋਨ ’ਤੇ ਗੱਲ ਕਰਕੇ ਮਸਲੇ ਬਾਰੇ ਜਾਣਕਾਰੀ ਹਾਸਲ ਕੀਤੀ।
ਵਫ਼ਦ ਨੇ ਦੱਸਿਆ ਕਿ ਕੈਬਨਿਟ ਮੰਤਰੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਕਾਰਨ ਕੁਝ ਦਿਨਾਂ ਲਈ ਪੰਜਾਬ ਤੋਂ ਬਾਹਰ ਜਾ ਰਹੇ ਹਨ ਪਰ ਵਾਪਸ ਆ ਕੇ ਉਹ ਕਿਸਾਨ ਨੁਮਾਇੰਦਿਆਂ ਨਾਲ ਮੀਟਿੰਗ ਕਰਨਗੇ।
ਧਾਲੀਵਾਲ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
ਅਜਨਾਲਾ (ਸੁਖਦੇਵ ਸੁੱਖ) : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਖੇਤਰ ਦੀਆਂ ਦਾਣਾ ਮੰਡੀਆਂ ਵਿੱਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੌਕੇ ਤੇ ਅਧਿਕਾਰੀਆਂ ਨੂੰ ਖਰੀਦ ਪ੍ਰਬੰਧਾਂ ਨੂੰ ਤੇਜ਼ ਕਰਨ, ਬਾਰਦਾਨੇ ਦੀ ਸਮੱਸਿਆ ਦੂਰ ਕਰਨ ਅਤੇ ਮੰਡੀਆਂ ਵਿੱਚ 24 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਕਿ ਹਮੇਸ਼ਾ ਲੋਕ ਹਿੱਤ ਵਿੱਚ ਫ਼ੈਸਲੇ ਲੈਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਅਜਨਾਲਾ ਖੇਤਰ ਦੀ ਦਾਣਾ ਮੰਡੀ ਗੱਗੋਮਾਹਲ ਵਿੱਚ ਉਨ੍ਹਾਂ ਨੇ ਆੜ੍ਹਤੀਆਂ ਦੀ ਮੰਗ ’ਤੇ ਦਾਣਾ ਮੰਡੀ ਦਾ ਵਿਸਥਾਰ ਕਾਰਨ, ਬਿਜਲੀ ਸਪਲਾਈ ਨੂੰ 24 ਘੰਟੇ ਯਕੀਨੀ ਬਣਾਉਣ ਅਤੇ ਢੋਆ-ਢੁਆਈ ਦੇ ਪ੍ਰਬੰਧ ਨੂੰ ਸੁਖਾਲਾ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਸਨਮਾਨ ਵੀ ਕੀਤਾ ਗਿਆ।