ਚਰਨਜੀਤ ਭੁੱਲਰ
ਚੰਡੀਗੜ੍ਹ, 29 ਅਗਸਤ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਦਲ ਦੇ ਅੰਦਰੂਨੀ ਕਲੇਸ਼ ਦਰਮਿਆਨ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਹੈ। ਦਲ ਦੇ ਰਾਜਸੀ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਪਾਰਟੀ ’ਚ ਕਿਸੇ ਆਗੂ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਭਲਕੇ ਪੰਜ ਸਿੰਘ ਸਾਹਿਬਾਨਾਂ ਦੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰਤਾ ਤੋਂ ਐਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇਹ ਪੈਂਤੜਾ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਹ ਜਾਣਕਾਰੀ ਅੱਜ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਆਪਣੀ ਸਿਆਸਤ ਪਿੰਡ ਦੀ ਸਰਪੰਚੀ ਤੋਂ ਕੀਤੀ ਸੀ ਅਤੇ ਉਹ ਪੰਜ ਵਾਰ ਵਿਧਾਇਕ ਤੇ ਵਜ਼ੀਰ ਵੀ ਰਹਿ ਚੁੱਕੇ ਹਨ। ਉਹ ਤਿੰਨ ਵਾਰ ਰਾਜ ਸਭਾ ਦੇ ਮੈਂਬਰ ਵੀ ਬਣ ਚੁੱਕੇ ਹਨ ਅਤੇ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਵੀ ਰਹੇ ਹਨ। ਇਸ ਵੇਲੇ ਭੂੰਦੜ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਸਨ। ਅਕਾਲੀ ਦਲ ਵੱਲੋਂ ਅੱਜ ਲਿਆ ਅਚਨਚੇਤੀ ਫ਼ੈਸਲਾ ਸਭ ਨੂੰ ਹੈਰਾਨ ਕਰਨ ਵਾਲਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਨੇ ਸਾਂਝੇ ਤੌਰ ’ਤੇ ਬਲਵਿੰਦਰ ਸਿੰਘ ਭੂੰਦੜ ਦੀ ਕਾਰਜਕਾਰੀ ਪ੍ਰਧਾਨ ਵਜੋਂ ਕੀਤੀ ਗਈ ਨਿਯੁਕਤੀ ਨੂੰ ਮੁੱਢੋਂ ਤੋਂ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਮੰਗ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਹੈ ਨਾ ਕਿ ਕਿਸੇ ਲੀਡਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੀ। ਉਨ੍ਹਾਂ ਕਿਹਾ ਕਿ ਕਾਰਜਕਾਰੀ ਪ੍ਰਧਾਨ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਤੇ ਦੂਸਰਾ ਭੂੰਦੜ ਵੀ ਉਸ ਪ੍ਰਕਿਰਿਆ ਵਿੱਚ ਸ਼ਾਮਲ ਸਨ, ਜਿਸ ਕਰਕੇ ਅਕਾਲ ਤਖ਼ਤ ਦੇ ਸਨਮੁੱਖ ਮਸਲਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਨਹੀਂ ਦਿਖਾ ਰਹੇ ਅਤੇ ਅਜਿਹੇ ਫ਼ੈਸਲਿਆਂ ਨੂੰ ਸਿੱਖ ਪੰਥ ਕਦੀ ਵੀ ਪ੍ਰਵਾਨ ਨਹੀਂ ਕਰੇਗਾ, ਜਿਨ੍ਹਾਂ ’ਚੋਂ ਸੁਖਬੀਰ ਬਾਦਲ ਨੇ ਹੰਕਾਰ ਦੀ ਝਲਕ ਆ ਰਹੀ ਹੈ। ਉਨ੍ਹਾਂ ਦਲਜੀਤ ਸਿੰਘ ਚੀਮਾ ਦੇ ਬਿਆਨ ਕਿ ਸੁਖਬੀਰ ਬਾਦਲ ਨੇ ਇਸ ਲਈ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਕਿਉਂਕਿ ਉਹ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਚਾਹੁੰਦੇ ਸੀ, ਨੂੰ ਵੀ ਹਾਸੋਹੀਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ, ਫਿਰ ਉਨ੍ਹਾਂ ਵਿੱਚ ਕਿਹੜੀ ਨਿਮਾਣੀ ਗੱਲ ਹੈ। ਸੁਧਾਰ ਲਹਿਰ ਦੇ ਆਗੂਆਂ ਨੇ ਇਸ ਨਿਯੁਕਤੀ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਸਿੱਖ ਪੰਥ ਦੀ ਭਾਵਨਾ ਦੇ ਮੁਤਾਬਿਕ ਉਹ ਫ਼ੈਸਲੇ ਲੈਣੇ ਚਾਹੀਦੇ ਹਨ, ਜਿਨ੍ਹਾਂ ਨੂੰ ਸਮੁੱਚਾ ਸਿੱਖ ਜਗਤ ਪ੍ਰਵਾਨ ਕਰ ਸਕੇ।
ਪੰਜ ਸਿੰਘ ਸਾਹਿਬਾਨ ਅੱਜ ਵਿਚਾਰਨਗੇ ਸੁਖਬੀਰ ਬਾਦਲ ਦਾ ਮਾਮਲਾ
ਅੰਮ੍ਰਿਤਸਰ (ਟਨਸ):
ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਵੱਲੋਂ ਅਕਾਲ ਤਖ਼ਤ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ਦਾ ਮਾਮਲਾ 30 ਅਗਸਤ ਨੂੰ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਿਆ ਜਾਵੇਗਾ। ਅਕਾਲ ਤਖਤ ਸਕੱਤਰੇਤ ਮੁਤਾਬਕ ਇਸ ਸਬੰਧ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਭਲਕੇ ਸਵੇਰੇ 10 ਵਜੇ ਆਰੰਭ ਹੋਵੇਗੀ। ਇਸ ਇਕੱਤਰਤਾ ਲਈ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਇਸੇ ਦੌਰਾਨ ਪੰਥਕ ਅਸੈਂਬਲੀ ਤੇ ਪੰਥਕ ਤਾਲਮੇਲ ਸੰਗਠਨ ਜਥੇਬੰਦੀਆਂ ਦੇ ਸਿੱਖ ਆਗੂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ ਸੁਖਦੇਵ ਸਿੰਘ ਭੌਰ, ਨਵਕਿਰਨ ਸਿੰਘ ਐਡਵੋਕੇਟ, ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ, ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਹਰਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਤੇ ਹੋਰ ਸਿੱਖ ਆਗੂਆਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਾਰ ਸਫਿਆਂ ਦਾ ਪੱਤਰ ਦਿੱਤਾ ਗਿਆ, ਜਿਸ ਵਿੱਚ ਸਿੱਖ ਆਗੂਆਂ ਨੇ ਸੁਝਾਅ ਦਿੱਤਾ ਹੈ ਕਿ ਇਹ ਮਸਲੇ ਸਿਰਫ ਸੁਖਬੀਰ ਸਿੰਘ ਬਾਦਲ ਤੋਂ ਪੁੱਛ ਪੜਤਾਲ ਕਰਕੇ ਹੀ ਨਹੀਂ ਨਿਬੇੜੇ ਜਾ ਸਕਦੇ, ਇਸ ਲਈ ਸਬੰਧਤ ਸਾਰੇ ਵਿਅਕਤੀਆਂ ਤੇ ਤਤਕਾਲੀ ਸਰਕਾਰੀ ਮਸ਼ੀਨਰੀ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਜਾਣਾ ਜ਼ਰੂਰੀ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਵਿਖੇ ਹੋਣ ਵਾਲੀ ਕਾਰਵਾਈ ਅਤੇ ਫ਼ੈਸਲੇ ਨੂੰ ਇੱਕ ਨਿਮਾਣੇ ਸਿੱਖ ਵਜੋਂ ਸਵੀਕਾਰ ਕਰਨਾ ਚਾਹੁੰਦੇ ਹਨ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ। ਉਨ੍ਹਾਂ ਨੂੰ ਅਕਾਲ ਤਖਤ ਦਾ ਹਰ ਫ਼ੈਸਲਾ ਖਿੜੇ ਮੱਥੇ ਪ੍ਰਵਾਨ ਹੋਵੇਗਾ। ਜ਼ਿਕਰਯੋਗ ਹੈ ਕਿ ਪਾਰਟੀ ਦੇ ਬਾਗੀ ਆਗੂਆਂ ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰਨਾਂ ਨੇ ਅਕਾਲ ਤਖਤ ਵਿਖੇ ਪਹਿਲੀ ਜੁਲਾਈ ਨੂੰ ਸ਼ਿਕਾਇਤ ਪੱਤਰ ਦੇ ਕੇ ਦੋਸ਼ ਲਾਇਆ ਗਿਆ ਸੀ ਕਿ ਅਕਾਲੀ ਸਰਕਾਰ ਵੇਲੇ ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੇ ਮਾਮਲੇ ਵਿੱਚ ਦਰਜ ਕੀਤੇ ਗਏ ਕੇਸ ’ਚ ਅਗਲੀ ਕਾਰਵਾਈ ਕਰਨ ਦੀ ਥਾਂ ਕੇਸ ਵਾਪਸ ਲੈ ਲਿਆ ਗਿਆ, ਡੇਰਾ ਸਿਰਸਾ ਦੇ ਮੁਖੀ ਨੂੰ ਬਿਨਾਂ ਮੁਆਫੀ ਮੰਗੇ ਮੁਆਫ ਕਰਨ ਲਈ ਸਰਕਾਰੀ ਦਬਾਅ ਪਾਇਆ ਗਿਆ, 2015 ਵਿੱਚ ਵਾਪਰੀਆਂ ਬੇਅਦਬੀ ਘਟਨਾਵਾਂ ਸਮੇਂ ਦੋਸ਼ੀਆਂ ਖ਼ਿਲਾਫ਼ ਠੋਸ ਕਾਰਵਾਈ ਕਰਨ ਵਿੱਚ ਸਰਕਾਰ ਅਸਫਲ ਰਹੀ। ਇਨ੍ਹਾਂ ਸਾਰੇ ਮਾਮਲਿਆਂ ਲਈ ਬਾਗੀ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਇਸ ਪੱਤਰ ਦੇ ਆਧਾਰ ’ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸਪੱਸ਼ਟੀਕਰਨ ਮੰਗੇ ਗਏ ਸਨ। ਦੋਵਾਂ ਧਿਰਾਂ ਵੱਲੋਂ ਇਹ ਸਪੱਸ਼ਟੀਕਰਨ ਸੌਂਪੇ ਜਾ ਚੁੱਕੇ ਹਨ।