ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਫਰਵਰੀ
ਹਲਕਾ ਪੂਰਬੀ ਵਿਚੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਡਾ. ਜਗਮੋਹਨ ਸਿੰਘ ਰਾਜੂ ਨੇ ਅੱਜ ਇਥੇ ਹਾਲ ਗੇਟ ਵਿੱਜ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਉਸ ਨੂੰ ਹਲਕੇ ਵਿਚ ਪ੍ਰਚਾਰ ਕਰਨ ਤੋਂ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਡਰਾਇਆ ਧਮਕਾਇਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਭੇਜੀ ਸੀ।
ਧਰਨੇ ਦੌਰਾਨ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਤੇ ਹੋਰ ਭਾਜਪਾ ਆਗੂ ਤੇ ਸਮਰਥਕ ਹਾਜ਼ਰ ਸਨ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ ਹਲਕਾ ਪੂਰਬੀ ਵਿਚ ਕਾਂਗਰਸ ਵਲੋਂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਕਰਮ ਸਿੰਘ ਮਜੀਠੀਆ ਚੋਣ ਲੜ ਰਹੇ ਹਨ। ਇਸੇ ਹਲਕੇ ਵਿਚ ਹੀ ਭਾਜਪਾ ਵਲੋਂ ਸਾਬਕਾ ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਚੋਣ ਲੜ ਰਹੇ ਹਨ।
ਡਾ. ਰਾਜੂ ਨੇ ਦੋਸ਼ ਲਾਇਆ ਕਿ ਪੂਰਬੀ ਹਲਕੇ ਵਿਚ ਚੋਣ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਹੋਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਜੋ ਚੋਣ ਪ੍ਰਚਾਰ ਲਈ ਆਏ ਹਨ ’ਤੇ ਦੋ ਵਾਰ ਹਮਲਾ ਕੀਤਾ ਗਿਆ। ਅਜਿਹਾ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੂਰਬੀ ਹਲਕੇ ਵਿਚ ਪੰਜਾਬ ਪੁਲੀਸ ਦੀ ਥਾਂ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਗਿਆ। ਧਰਨੇ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਿਤੀ ਨੂੰ ਸੰਭਾਲਣ ਲਈ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਸਨ। ਉਨ੍ਹਾਂ ਨੇ ਇਸ ਮਾਮਲੇ ਵਿਚ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ।