ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਅਪਰੈਲ
ਭਾਜਪਾ ਮਹਿਲਾ ਮੋਰਚਾ ਦੀਆਂ ਮੈਂਬਰਾਂ ਨੇ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਦੀ ਮਾੜੀ ਹਾਲਤ ਦਾ ਦੋਸ਼ ਲਗਾਉਂਦਿਆਂ ਅੱਜ ਕੈਬਨਿਟ ਮੰਤਰੀ ਓਪੀ ਸੋਨੀ ਦੇ ਘਰ ਵੱਲ ਨੂੰ ਮਾਰਚ ਕੀਤਾ। ਉਹ ਕੈਬਨਿਟ ਮੰਤਰੀ ਨੂੰ ਚੂੜੀਆਂ ਦੇਣ ਗਈਆਂ ਸਨ।
ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਅਲਕਾ ਸ਼ਰਮਾ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਔਰਤਾਂ ਨੇ ਸਥਾਨਕ ਰਾਣੀ ਕਾ ਬਾਗ ਸਥਿਤ ਸ੍ਰੀ ਸੋਨੀ ਦੀ ਰਿਹਾਇਸ਼ ਵੱਲ ਮਾਰਚ ਕੀਤਾ। ਪੁਲੀਸ ਨੇ ਸ੍ਰੀ ਸੋਨੀ ਦੇ ਘਰ ਨੂੰ ਆਉਣ ਵਾਲੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਸੀ ਤੇ ਨਾਅਰੇ ਮਾਰਦੀਆਂ ਭਾਜਪਾ ਮਹਿਲਾ ਕਾਰਕੁਨਾਂ ਨੂੰ ਪੁਲੀਸ ਨੇ ਰੋਕ ਲਿਆ ਤੇ ਉਨ੍ਹਾਂ ਨੂੰ ਅਗਾਂਹ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਸ ਮਗਰੋਂ ਕੁਝ ਸਮਾਂ ਇਨ੍ਹਾਂ ਔਰਤਾਂ ਨੇ ਉਥੇ ਹੀ ਬੈਠ ਕੇ ਧਰਨਾ ਦਿੱਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜ਼ਿਲ੍ਹਾ ਪ੍ਰਧਾਨ ਅਲਕਾ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਅਸਫਲ ਰਹੇ ਹਨ। ਸੂਬੇ ਵਿਚ ਕਈ ਥਾਵਾਂ ’ਤੇ ਬੱਚੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਵਾਪਰੀਆਂ ਹਨ। ਰੋਜ਼ਾਨਾ ਹੀ ਔਰਤਾਂ ਨਾਲ ਛੇੜਛਾੜ ਅਤੇ ਪਰਸ ਖੋਹਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੁਲੀਸ ਵੱਲੋਂ ਵੀ ਕਈ ਵਾਰ ਪ੍ਰਦਰਸ਼ਨਕਾਰੀ ਔਰਤਾਂ ਦੀ ਮਾਰਕੁੱਟ ਕੀਤੀ ਗਈ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਆਸ਼ਾ ਵਰਕਰਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਮਾੜੀ ਹੋ ਚੁੱਕੀ ਹੈ। ਇਸੇ ਲਈ ਉਹ ਕੈਬਨਿਟ ਮੰਤਰੀ ਓਪੀ ਸੋਨੀ ਨੂੰ ਚੂੜੀਆਂ ਦੇਣ ਲਈ ਆਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਉਸ ਦੇ ਮੰਤਰੀ ਔਰਤਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦੇ ਤਾਂ ਉਨ੍ਹਾਂ ਨੂੰ ਚੂੜੀਆਂ ਪਾ ਕੇ ਘਰਾਂ ਵਿੱਚ ਬੈਠ ਜਾਣਾ ਚਾਹੀਦਾ ਹੈ।
ਇਸ ਦੌਰਾਨ ਪੁਲੀਸ ਨੇ ਨਾ ਤਾਂ ਪ੍ਰਦਰਸ਼ਨਕਾਰੀ ਔਰਤਾਂ ਨੂੰ ਅਗਾਂਹ ਜਾਣ ਦਿੱਤਾ ਅਤੇ ਨਾ ਹੀ ਸ੍ਰੀ ਸੋਨੀ ਦੇ ਦਫਤਰ ਵਿੱਚੋਂ ਉਨ੍ਹਾਂ ਦੀ ਗੱਲ ਸੁਨਣ ਲਈ ਕੋਈ ਆਇਆ। ਪ੍ਰਦਰਸ਼ਨਕਾਰੀ ਔਰਤਾਂ ਨੇ ਆਖਿਆ ਕਿ ਸ੍ਰੀ ਸੋਨੀ ਉਨ੍ਹਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹਨ। ਉਹ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਕਿਵੇਂ ਬਣਾਉਣਗੇ।
ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ਵੱਲ ਮਾਰਚ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਭਾਜਪਾ ਮਹਿਲਾ ਮੋਰਚੇ ਵੱਲੋਂ ਅੱਜ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਚੂੜੀਆਂ ਦੇਣ ਲਈ ਸ੍ਰੀ ਅਰੋੜਾ ਦੀ ਕੋਠੀ ਵੱਲ ਮਾਰਚ ਕੀਤਾ ਗਿਆ। ਇਸ ਤੋਂ ਪਹਿਲਾਂ ਮਹਿਲਾ ਵਰਕਰਾਂ ਨੇ ਮੋਰਚੇ ਦੀ ਪ੍ਰਧਾਨ ਅਰਚਨਾ ਜੈਨ ਦੀ ਅਗਵਾਈ ਹੇਠ ਰੇਲਵੇ ਰੋਡ ’ਤੇ ਪਾਰਟੀ ਦਫ਼ਤਰ ’ਚ ਮੀਟਿੰਗ ਕੀਤੀ ਜਿਸ ਵਿੱਚ ਮੋਰਚੇ ਦੀ ਸੂਬਾ ਉਪ ਪ੍ਰਧਾਨ ਨੀਤੀ ਤਲਵਾੜ ਅਤੇ ਕਨਵੀਨਰ ਰਾਕੇਸ਼ ਸੂਦ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਉਪਰੰਤ ਵਰਕਰਾਂ ਨੇ ਸ੍ਰੀ ਅਰੋੜਾ ਦੀ ਕੋਠੀ ਵੱਲ ਨੂੰ ਕੂਚ ਕੀਤਾ ਤੇ ਪੁਲੀਸ ਨੇ ਸੈਸ਼ਨ ਚੌਕ ਵਿਚ ਬੈਰੀਕੇਡ ਲਗਾ ਕੇ ਭਾਜਪਾ ਮਹਿਲਾ ਮੋਰਚੇ ਦੀਆਂ ਕਾਰਕੁਨਾਂ ਨੂੰ ਰੋਕ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਦਰਮਿਆਨ ਖਿੱਚੋਤਾਣ ਹੋਈ। ਮਹਿਲਾ ਵਰਕਰਾਂ ਨੇ ਸ੍ਰੀ ਅਰੋੜਾ ਲਈ ਲਿਆਂਦੀਆਂ ਚੂੜੀਆਂ ਨੂੰ ਪੁਲਿਸ ਅਫ਼ਸਰਾਂ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਨੀਤੀ ਤਲਵਾੜ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਤੇ ਅਪਰਾਧਿਕ ਘਟਨਾਵਾਂ ’ਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਤੇ ਵਰਕਰਾਂ ਦੇ ਮੌਲਿਕ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਹੈ। ਹੁਸ਼ਿਆਰਪੁਰ ’ਚ ਭਾਜਪਾ ਦੇ ਪ੍ਰੋਗਰਾਮਾਂ ਵਿਚ ਕਿਸਾਨਾਂ ਦੀ ਆੜ ਹੇਠ ਵਿਘਨ ਪਾਉਣ ਦਾ ਯਤਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਜਲਦੀ ਹੀ ਸੁਧਾਰ ਨਾ ਕੀਤਾ ਗਿਆ ਤਾਂ ਮਹਿਲਾ ਮੋਰਚੇ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।