ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਜੂਨ
ਕਿਸਾਨ ਆਗੂ ਰਕੇਸ਼ ਟਿਕੈਤ ’ਤੇ ਬੀਤੇ ਦਿਨੀਂ ਕਿਸੇ ਵੱਲੋਂ ਸਿਆਹੀ ਸੁੱਟੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦਾ ਔਰੰਗਜ਼ੇਬ ਦੀ ਮਜ਼ਾਰ ’ਤੇ ਜਾਣ ਦਾ ਮਾਮਲਾ ਭਖਣ ਲੱਗ ਪਿਆ ਹੈ। ਅੱਜ ਇਸ ਮਾਮਲੇ ਵਿੱਚ ਭਾਜਪਾ ਨੇ ਦੋਸ਼ ਲਾਇਆ ਕਿ ਟਿਕੈਤ ਨੇ ਅੱਤਿਆਚਾਰੀ ਮੁਗਲ ਸ਼ਾਸਕ ਔਰੰਗਜ਼ੇਬ ਦੀ ਕਬਰ ’ਤੇ ਮੱਥਾ ਟੇਕ ਕੇ ਪੰਜਾਬੀਆਂ ਸਮੇਤ ਦੇਸ਼ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਠੇਸ ਪਹੁੰਚਾਈ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਨੇ ਕਿਹਾ ਕਿ ਇਸ ਮਾਮਲੇ ਵਿਚ ਪੰਜਾਬੀ ਉਨ੍ਹਾਂ ਨੂੰ ਕਦੇ ਮਾਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਔਰੰਗਜ਼ੇਬ ਇਕ ਜ਼ਾਲਮ ਤੇ ਅੱਤਿਆਚਾਰੀ ਮੁਗ਼ਲ ਸ਼ਾਸਕ ਸੀ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਦਾ ਅਜਿਹੇ ਮੁਗਲ ਸ਼ਾਸਕ ਦੀ ਕਬਰ ’ਤੇ ਜਾਣਾ ਅਤੇ ਮੱਥਾ ਟੇਕਣਾ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ।
ਭਾਜਪਾ ਆਗੂ ਨੇ ਇਸ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਆਖਿਆ ਕਿ ਉਹ ਕਿਸਾਨ ਆਗੂ ਰਕੇਸ਼ ਟਿਕੈਤ ਨੂੰ ਦਿੱਤੇ ਸਮਰਥਨ ਬਾਰੇ ਆਪਣੇ ਫੈਸਲੇ ’ਤੇ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਉਸ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।