ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਸਤੰਬਰ
ਇੱਥੇ ਰਾਣੀ ਕਾ ਬਾਗ ’ਚ ਗੁਰਕਰਨ ਸਿੰਘ ਨਾਂ ਦੇ ਇਕ ਵਿਅਕਤੀ ਨੇ ਭਾਜਪਾ ਦੀ ਸਾਬਕਾ ਕੌਂਸਲਰ ਮੀਨੂੰ ਸਹਿਗਲ ’ਤੇ ਉਨ੍ਹਾਂ ਦੇ ਘਰ ਜਬਰੀ ਦਾਖਲ ਹੋ ਕੇ ਮਾਰਕੁੱਟ ਕਰਨ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਸਾਬਕਾ ਕੌਂਸਲਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ’ਚ ਇਕ ਔਰਤ ’ਤੇ ਕੁਝ ਆਦਮੀ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਕਰਦੇ ਦਿਖਾਈ ਦਿੰਦੇ ਹਨ। ਇਸ ਘਰ ’ਚ ਰਹਿ ਰਹੇ ਗੁਰਕਰਨ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਚਾਚੀ ਨਾਲ ਜਾਇਦਾਦ ਸਬੰਧੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਇਸੇ ਮਾਮਲੇ ’ਚ ਉਸ ਦੀ ਚਾਚੀ, ਭਾਜਪਾ ਕੌਂਸਲਰ ਤੇ ਉਨ੍ਹਾਂ ਦੇ ਹੋਰ ਸਾਥੀ ਆਏ ਸਨ। ਜਿਨ੍ਹਾਂ ਕੋਲ ਹਾਕੀਆਂ ਤੇ ਰਿਵਾਲਵਰ ਵੀ ਸਨ। ਇਨ੍ਹਾਂ ਨੇ ਘਰ ’ਚ ਦਾਖ਼ਲ ਹੋ ਕੇ ਉਸ ਦੀ ਮਾਰਕੁੱਟ ਕੀਤੀ ਤੇ ਭੰਨਤੋੜ ਕੀਤੀ। ਸੀਸੀਟੀਵੀ ਕੈਮਰਿਆਂ ’ਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ।
ਦੂਜੇ ਪਾਸੇ ਭਾਜਪਾ ਆਗੂ ਮੀਨੂੰ ਸਹਿਗਲ ਨੇ ਆਖਿਆ ਕਿ ਉਹ ਝਗੜੇ ਸਬੰਧੀ ਰਾਜ਼ੀਨਾਮਾ ਕਰਵਾਉਣ ਆਈ ਸੀ ਤੇ ਇਸ ਦੌਰਾਨ ਉਸ ਦਾ ਮੋਬਾਈਲ ਫੋਨ ਇਨ੍ਹਾਂ ਦੇ ਘਰ ਰਹਿ ਗਿਆ। ਜਦੋਂ ਦੁਬਾਰਾ ਉਹ ਮੋਬਾਈਲ ਫੋਨ ਲੈਣ ਆਈ ਤਾਂ ਘਰਵਾਲਿਆਂ ਨੇ ਉਸ ਨਾਲ ਬਦਸਲੂਕੀ ਕੀਤੀ। ਉਸ ਨੇ ਕਿਹਾ ਕਿ ਇਸ ਨੌਜਵਾਨ ਨੇ ਆਪਣੀ ਹੀ ਰਿਸ਼ਤੇਦਾਰ ਕੁੜੀ ਨਾਲ ਵੀ ਬਦਸਲੂਕੀ ਕੀਤੀ। ਮਾਰਕੁੱਟ ਦੇ ਦੋਸ਼ਾਂ ਬਾਰੇ ਮੀਨੂੰ ਸਹਿਗਲ ਨੇ ਆਖਿਆ ਕਿ ਉਸ ਨੇ ਆਪਣਾ ਬਚਾਅ ਕੀਤਾ ਹੈ ਨਾ ਕੇ ਮਾਰਕੁੱਟ ਕੀਤੀ ਹੈ।
ਇਸ ਦੌਰਾਨ ਥਾਣਾ ਸਿਵਲ ਲਾਈਨ ਦੇ ਇੰਚਾਰਜ ਸ਼ਿਵਦਰਸ਼ਨ ਸਿੰਘ ਨੇ ਆਖਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਦੀ ਰਿਪੋਰਟ ਮਗਰੋਂ ਤੇ ਬਿਆਨਾਂ ’ਤੇ ਕੇਸ ਦਰਜ ਕੀਤਾ ਜਾਵੇਗਾ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖਿਆ ਜਾ ਜਾਵੇਗਾ।
ਕਤਲ ਕੇਸ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ
ਬਟਾਲਾ (ਖੇਤਰੀ ਪ੍ਰਤੀਨਿਧ) ਲੰਘੀ 26 ਅਗਸਤ ਨੂੰ ਹਜ਼ੀਰਾ ਪਾਰਕ ’ਚ ਗੋਲੀ ਮਾਰ ਕੇ ਕੀਤੇ ਕਤਲ ਦੇ ਕੇਸ ਵਿੱਚ ਨਾਮਜ਼ਦ ਮੁੱਖ ਮੁਲਜ਼ਮ ਨੂੰ ਥਾਣਾ ਸਿਟੀ ਪੁਲੀਸ ਨੇ ਪਿਸੌਤਲ ਸਣੇ ਗ੍ਰਿਫ਼ਤਾਰ ਕੀਤਾ ਹੈ। ਵਾਰਦਾਤ ਮਗਰੋਂ ਮੁਲਜ਼ਮ ਫ਼ਰਾਰ ਚੱਲ ਰਿਹਾ ਸੀ। ਡੀਐੱਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਲੰਘੀ 26 ਅਗਸਤ ਨੂੰ ਹਜ਼ੀਰਾ ਪਾਰਕ ਵਿੱਚ ਇੱਕ ਰਾਹੁਲ ਵਾਸੀ ਗੁਰਦਾਸਪੁਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਸਬੰਧੀ ਪੁਲੀਸ ਨੇ ਗੁਰਜਿੰਦਰ ਸਿੰਘ ਉਰਫ਼ ਰਾਜਾ ਬੁੱਟਰ ਵਾਸੀ ਮੂਲਿਆਂਵਾਲ ਖ਼ਿਲਾਫ਼ ਕਤਲ ਦਾਕੇਸ ਦਰਜ ਕੀਤਾ ਸੀ ਜਿਸ ਨੂੰ ਥਾਣਾ ਸਿਟੀ ਦੀ ਪੁਲੀਸ ਨੇ ਅੱਜ ਬਟਾਲਾ ਤੋਂ ਇੱਕ ਪਿਸਤੌਲ ਸਣੇ ਗ੍ਰਿਫ਼ਤਾਰ ਕਰ ਲਿਆ ਹੈ।