ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਅਕਤੂਬਰ
ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਹੈਰੋਇਨ ਸਣੇ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੀਐੱਸਐੱਫ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਸਰਹੱਦੀ ਪੱਟੀ ਵਿੱਚੋਂ ਪੰਜ ਡਰੋਨ, ਪਿਸਤੌਲ ਅਤੇ ਤਿੰਨ ਪੈਕੇਟ ਹੈਰੋਇਨ ਬਰਾਮਦ ਕੀਤੀ।
ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਲ ਦੇ ਖੁਫੀਆ ਵਿੰਗ ਨੂੰ ਜਾਣਕਾਰੀ ਮਿਲੀ ਸੀ ਜਿਸ ਦੇ ਅਧਾਰ ’ਤੇ ਸ਼ੱਕੀ ਖੇਤਰ ਵਿੱਚ ਘੇਰਾਬੰਦੀ ਕੀਤੀ ਗਈ। ਅਟਾਰੀ ਨੇੜੇ ਪਿੰਡ ਰੋੜਾਂ ਵਾਲਾ ਖੁਰਦ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਸ਼ੱਕੀ ਹਾਲਤ ਵਿੱਚ ਕਾਬੂ ਕੀਤਾ ਗਿਆ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਇਕ ਪੈਕੇਟ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਵਿੱਚ ਲਗਪਗ 530 ਗ੍ਰਾਮ ਹੈਰੋਇਨ ਸੀ। ਦੋ ਸਮਾਰਟ ਫੋਨ, ਮੋਟਰਸਾਈਕਲ ਅਤੇ 180 ਰੁਪਏ ਭਾਰਤੀ ਕਰੰਸੀ ਵੀ ਬਰਾਮਦ ਹੋਈ। ਬੀਐੱਸਐੱਫ ਨੇ ਤਿੰਨੋਂ ਮੁਲਜ਼ਮਾਂ ਨੂੰ ਪੁਲੀਸ ਨੂੰ ਸੌਂਪ ਦਿੱਤਾ।
ਇਸ ਦੌਰਾਨ ਬੀਐੱਸਐੱਫ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਸਰਹੱਦੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ਤੋਂ ਪੰਜ ਡਰੋਨ ਬਰਾਮਦ ਕੀਤੇ ਗਏ। ਇਸ ਦੇ ਨਾਲ ਤਿੰਨ ਪੈਕੇਟ ਹੈਰੋਇਨ ਅਤੇ ਪਿਸਤੌਲ ਵੀ ਬਰਾਮਦ ਕੀਤੀ ਗਈ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਡਰੋਨ ਪਿੰਡ ਬੁਰਜ, ਦੋ ਡਰੋਨ ਪਿੰਡ ਮੁੱਲਾਂਕੋਟ ਅਤੇ ਦੋ ਡਰੋਨ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵਾਂ ਤੋਂ ਬਰਾਮਦ ਹੋਏ। ਦੋ ਪੈਕਟ ਹੈਰੋਇਨ ਵੀ ਬਰਾਮਦ ਕੀਤੀ ਗਈ। ਇੱਕ ਗਲੌਕ ਪਿਸਤੌਲ ਸਰਹੱਦੀ ਪਿੰਡ ਕੱਕੜ ਦੇ ਖੇਤਾਂ ਵਿੱਚੋਂ ਮਿਲਿਆ ਅਤੇ ਹੈਰੋਇਨ ਦਾ ਪੈਕੇਟ ਪਿੰਡ ਦਾਓਕੇ ਦੇ ਖੇਤਾਂ ਵਿੱਚੋਂ ਮਿਲਿਆ। ਇਸ ਵਿੱਚ ਲਗਪਗ 700 ਗ੍ਰਾਮ ਨਸ਼ੀਲਾ ਪਦਾਰਥ ਸੀ।