ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਮਾਰਚ
ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਇਸ ਬਜਟ ਵਿਚ ਹਰ ਵਰਗ ਨੂੰ ਖ਼ੁਸ਼ ਕਰਨ ਲਈ ਯਤਨ ਕੀਤਾ ਹੈ ਪਰ ਇਸ ਦੇ ਬਾਵਜੂਦ ਬਜਟ ਬਾਰੇ ਲੋਕਾਂ ਦਾ ਰਲਿਆ-ਮਿਲਿਆ ਹੁੰਗਾਰਾ ਮਿਲਿਆ ਹੈ। ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਸੁਖਦੇਵ ਸਿੰਘ ਨੇ ਆਖਿਆ ਕਿ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਦੇ ਫ਼ੈਸਲੇ ਨਾਲ ਚਿਰੌਕਣੀ ਮੰਗ ਪੂਰੀ ਹੋਈ ਹੈ। ਬਜ਼ੁਰਗ ਔਰਤ ਸ਼ਕੁੰਤਲਾ ਦੇਵੀ ਨੇ ਆਖਿਆ ਕਿ ਮਹਿੰਗਾਈ ਦੇ ਸਮੇਂ ਵਿਚ ਬਜ਼ੁਰਗਾਂ ਲਈ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਤਸਲੀਬਖ਼ਸ਼ ਨਹੀਂ ਹੈ। ਵਪਾਰਕ ਜਥੇਬੰਦੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਮੁਖੀ ਪਿਆਰਾ ਲਾਲ ਸੇਠ ਨੇ ਆਖਿਆ ਕਿ ਇਸ ਬਜਟ ਵਿਚ ਮੱਧ ਵਰਗੀ ਉਦਮੀਆਂ ਲਈ ਕੁਝ ਵੀ ਵਿਸ਼ੇਸ਼ ਨਹੀਂ ਹੈ। ਉਨ੍ਹਾਂ ਨੇ ਜ਼ਿਲ੍ਹਿਆਂ ਵਿਚ ਸਨਅਤ ਅਤੇ ਨਿਵੇਸ਼ ਬਿਊਰੋ ਸਥਾਪਤ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ। ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਯਾਤਰਾ ਦੀ ਸਹੂਲਤ ਨਾਲ ਵਿਦਿਆਰਥਣਾਂ ਨੂੰ ਲਾਭ ਮਿਲੇਗਾ।
ਮੁਕੇਰੀਆਂ (ਪੱਤਰ ਪ੍ਰੇਰਕ): ‘ਆਪ’ ਨੇ ਕਾਂਗਰਸ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਬਜਟ ਨੂੰ ਪ੍ਰਸ਼ਾਂਤ ਕਿਸ਼ੋਰ ਵੱਲੋਂ ਤਿਆਰ ਕੀਤਾ ਜੁਮਲਿਆਂ ਨਾਲ ਲੋਕਾਂ ਨੂੰ ਭਰਮਾਉਣ ਵਾਲਾ ਬਜਟ ਕਰਾਰ ਦਿੱਤਾ ਹੈ। ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਬਜਟ ਚੋਣ ਜ਼ਾਬਤੇ ਦੀ ਭੇਟ ਚੜ੍ਹਨ ਦੀ ਉਮੀਦ ਹੈ।
ਬਜਟ ਸੂਬੇ ਦੇ ਵਿਕਾਸ ਨੂੰ ਸਮਰਪਿਤ: ਅਰੋੜਾ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬਜਟ ਨੂੰ ਲੋਕ-ਪੱਖੀ, ਗ਼ਰੀਬ ਹਿਤੈਸ਼ੀ ਅਤੇ ਸੂਬੇ ਦੇ ਚਹੁਮੁਖੀ ਵਿਕਾਸ ਨੂੰ ਸਮਰਪਿਤ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ’ਚ ਲਾਮਿਸਾਲ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵਲੋਂ ਹੁਸ਼ਿਆਰਪੁਰ ਲਈ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦਾ ਪ੍ਰਸਤਾਵ ਰੱਖਿਆ ਗਿਆ ਹੈ।