ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਜੁਲਾਈ
ਗਊ ਸੈੱਸ ਦਾ ਹਿਸਾਬ ਦੇਣ ਦੀ ਮੰਗ ਨੂੰ ਲੈ ਕੇ ਐਂਟੀ ਕਰਾਈਮ ਅਤੇ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਕਾਰਕੁਨਾਂ ਨੇ ਅੱਜ ਨਗਰ ਨਿਗਮ ਦੇ ਮੇਅਰ ਦੇ ਘਰ ਨੇੜੇ ਰੋਸ ਵਿਖਾਵਾ ਕੀਤਾ। ਇਸ ਦੌਰਾਨ ਇਕ ਮੰਗ ਪੱਤਰ ਵੀ ਦਿੱਤਾ ਗਿਆ ।
ਜਥੇਬੰਦੀ ਦੇ ਆਗੂ ਡਾ. ਰੋਹਨ ਮਹਿਰਾ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਇਸ ਸਬੰਧ ਵਿਚ ਮੰਗ ਪੱਤਰ ਦਿੱਤਾ ਸੀ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਹੀ ਨਗਰ ਨਿਗਮ ਦੇ ਵਲੋਂ ਗਉੂ ਸੈਸ ਦਾ ਹਿਸਾਬ ਜਨਤਕ ਕਰ ਦਿੱਤਾ ਜਾਵੇਗਾ। ਪਰ ਹੁਣ ਤਕ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵੱਖ ਵੱਖ ਢੰਗ ਤਰੀਕਿਆਂ ਰਾਹੀਂ ਇਹ ਟੈਕਸ ਵਸੂਲਿਆ ਜਾ ਰਿਹਾ ਪਰ ਗਉੂਆਂ ਦੀ ਸਾਂਭ ਸੰਭਾਲ ਹੁਣ ਵੀ ਨਹੀਂ ਹੋ ਰਹੀ ਅਤੇ ਇਹ ਸੜਕਾਂ ’ਤੇ ਅਵਾਰਾ ਤੇ ਬੇਸਹਾਰਾ ਘੁੰਮ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਵੱਖ ਵੱਖ ਵਿਭਾਗਾਂ ਵਲੋਂ ਇਕੱਠੀ ਕੀਤੀ ਗਉੂ ਸੈੱਸ ਦੀ ਰਕਮ ਬਾਰੇ ਦੱਸਿਆ ਜਾਵੇ, ਨਗਰ ਨਿਗਮ ਵਲੋਂ ਇੱਕਠੇ ਕੀਤੇ ਗਉੂ ਸੈਸ ਦੀ ਰਕਮ ਬਾਰੇ ਜਾਣਕਾਰੀ ਜਨਤਕ ਕੀਤੀ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਕਿੰਨੀ ਰਕਮ ਨਗਰ ਨਿਗਮ ਵੱਲੋਂ ਗਉੂਆਂ ਦੀ ਭਲਾਈ ਤੇ ਸਾਂਭ ਸੰਭਾਲ ਲਈ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਟੈਕਸ ਦੇਣ ਵਾਲੇ ਲੋਕ ਠੱਗੇ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਹਿਸਾਬ ਨਹੀਂ ਮਿਲਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਮੇਅਰ ਦੇ ਘਰ ਦੇ ਨੇੜੇ ਹੀ ਰੋਕ ਲਿਆ।
ਕੀ ਕਹਿੰਦੇ ਨੇ ਨਗਰ ਨਿਗਮ ਦੇ ਅਧਿਕਾਰੀ
ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਖਿਆ ਕਿ ਪ੍ਰਦਰਸ਼ਨਕਾਰੀ ਇਸ ਸਬੰਧ ਵਿਚ ਲਿਖਤੀ ਰੂਪ ਵਿਚ ਆਪਣੀ ਮੰਗ ਬਾਰੇ ਪੱਤਰ ਦੇਣ ਅਤੇ ਨਗਰ ਨਿਗਮ ਵੀ ਉਨਾਂ ਨੂੰ ਲਿਖਤੀ ਰੂਪ ਵਿਚ ਇਸ ਸਬੰਧੀ ਵੇਰਵੇ ਦੇਵੇਗਾ। ਇਕ ਹੋਰ ਅਧਿਕਾਰੀ ਨੇ ਆਖਿਆ ਕਿ ਨਗਰ ਨਿਗਮ ਵਲੋਂ ਇਸ ਸਬੰਧ ਵਿਚ ਵੱਖਰਾ ਖਾਤਾ ਖੋਲ੍ਹਿਆ ਹੋਇਆ ਅਤੇ ਇਸ ਸੈੱਸ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾ ਰਿਹਾ ਹੈ। ਇਸ ਤੋਂ ਇਕੱਠੀ ਹੋਈ ਰਕਮ ਬੇਸਹਾਰ ਪਸ਼ੂਆਂ ਲਈ ਹੀ ਖਰਚ ਕੀਤੀ ਜਾਵੇਗੀ , ਨਗਰ ਨਿਗਮ ਨੇ ਛੇਹਰਟਾ ਨੇੜੇ ਗਉੂਸ਼ਾਲਾ ਲਈ ਇਕ ਸ਼ੈਡ ਵੀ ਬਣਾਇਆ ਅਤੇ ਉਥੇ ਲਗਪਗ 200 ਬੇਸਹਾਰਾ ਪਸ਼ੂਆਂ ਦੀ ਸੰਭਾਲ ਕੀਤੀ ਜਾ ਰਹੀ ਹੈ।