ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਜਨਵਰੀ
ਪੰਜਾਬ ਪੁਲੀਸ ਨੇ ਖਾਲਿਸਤਾਨ ਪੱਖੀ ਆਗੂ ਅਤੇ ਭਾਰਤ ਸਰਕਾਰ ਵਲੋਂ ਅਤਿਵਾਦੀ ਐਲਾਨੇ ਗਏ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਧਰਮ ਜਾਂ ਨਸਲ ਦੇ ਆਧਾਰ ’ਤੇ ਦੋ ਵੱਖ-ਵੱਖ ਫਿਰਕਿਆਂ ਦਰਮਿਆਨ ਦੁਸ਼ਮਣੀ ਅਤੇ ਨਫ਼ਰਤ ਫੈਲਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਇਹ ਮਾਮਲਾ ਮੰਗਲਵਾਰ ਨੂੰ ਇੱਥੇ ਡੀ ਡਿਵੀਜ਼ਨ ਥਾਣੇ ਵਿੱਚ ਦਰਜ ਕੀਤਾ ਗਿਆ, ਜਿਸ ਲਈ ਉਸ ਦੀ ਸੋਸ਼ਲ ਮੀਡੀਆ ’ਤੇ ਪਾਈ ਵੀਡੀਓ ਨੂੰ ਆਧਾਰ ਬਣਾਇਆ ਗਿਆ ਹੈ। ਵੀਡੀਓ ’ਚ ਪੰੰਨੂ ਨੇ ਦੁਰਗਿਆਣਾ ਮੰਦਰ ਦੇ ਅਧਿਕਾਰੀਆਂ ਨੂੰ ਮੰਦਰ ਨੂੰ ਬੰਦ ਕਰਨ ਅਤੇ ਇਸ ਦੀਆਂ ਚਾਬੀਆਂ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪਣ ਲਈ ਕਥਿਤ ਚਿਤਾਵਨੀ ਦਿੱਤੀ ਸੀ। ਉਸ ਨੇ ਇਹ ਵੀਡੀਓ ਦੋ ਦਿਨ ਪਹਿਲਾਂ ਉਸ ਵੇਲੇ ਅਪਲੋਡ ਕੀਤੀ ਸੀ ਜਦੋਂ ਅਯੁੱਧਿਆ ਦੇ ਰਾਮ ਮੰਦਰ ’ਚ ਸਮਾਗਮ ਚੱਲ ਰਿਹਾ ਸੀ।