ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਫਰਵਰੀ
ਇਕ ਮਨੀ ਐਕਸਚੇਂਜਰ ਪਵਨ ਕੁਮਾਰ ਕੋਲੋਂ ਦੋ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ 90 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਹੈ। ਬੀਤੀ ਰਾਤ ਵਾਪਰੀ ਘਟਨਾ ਬਾਰੇ ਪੁਲੀਸ ਕੋਲ ਸ਼ਿਕਾਇਤ ਕਰਦਿਆਂ ਪੀੜਤ ਨੇ ਦੱਸਿਆ ਕਿ ਉਹ ਆਪਣੇ ਸਕੂਟਰ ’ਤੇ ਅਜਨਾਲਾ ਤੋਂ ਵਾਪਸ ਆ ਰਿਹਾ ਸੀ ਕਿ ਇਥੇ ਲਬਿਰਟੀ ਮਾਰਕੀਟ ਨੇੜੇ ਉਸਨੇ ਕੁਝ ਡਾਲਰ ਭਾਰਤੀ ਕਰੰਸੀ ’ਚ ਤਬਦੀਲ ਕਰਾਏ। ਉਸ ਕੋਲ 90 ਹਜ਼ਾਰ ਰੁਪਏ ਦੀ ਨਕਦੀ ਸੀ। ਜਦੋਂ ਉਹ ਵਾਪਸ ਅਜਨਾਲਾ ਵੱਲ ਪਰਤ ਰਿਹਾ ਸੀ ਤਾਂ ਪਿੰਡ ਰੋਖੇ ਕੋਲ ਪੈਟਰੋਲ ਪੰਪ ਨੇੜੇ ਦੋ ਵਿਅਕਤੀਆਂ ਨੇ ਉਸਨੂੰ ਰੋਕ ਲਿਆ ਤੇ ਪਿਸਤੌਲ ਦੀ ਨੋਕ ’ਤੇ ਨਕਦੀ ਮੰਗੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਹੱਥੋਪਾਈ ਵੀ ਹੋਈ ਪਰ ਇਹ ਲੁਟੇਰੇ ਉਸਦੀ ਨਕਦੀ ਖੋਹ ਕੇ ਫਰਾਰ ਹੋ ਗਏ। ਪੁਲੀਸ ਨੇ ਆਈਪੀਸੀ ਦੀ ਧਾਰਾ 379 ਬੀ (2) , 34 ਅਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਇਥੇ ਅੰਮ੍ਰਿਤ ਅਨੰਦ ਪਾਰਕ ਨੇੜੇ ਨਿਤਿਸ਼ ਉਭੈ ਨਾਂ ਦੇ ਵਿਅਕਤੀ ਕੋਲੋਂ ਲੁਟੇਰਿਆਂ ਨੇ ਨਕਦੀ ਅਤੇ ਉਸਦੀ ਸੋਨੇ ਦੀ ਮੁੰਦਰੀ, ਕੜਾ, ਮੋਬਾਈਲ ਫੋਨ ਆਦਿ ਖੋਹ ਲਿਆ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਨਸੇ਼ ਤੇ ਅਸਲੇ ਸਣੇ ਦੋ ਕਾਬੂ
ਧਾਰੀਵਾਲ (ਪੱਤਰ ਪ੍ਰੇਰਕ) ਪੁਲੀਸ ਨੇ 8 ਗ੍ਰਾਮ ਹੈਰੋਇਨ ਤੇ ਇਕ ਪਿਸਤੌਲ 32 ਬੋਰ, 5 ਰੌਂਦਾਂ ਸਣੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਸੀਆਈਏ ਸਟਾਫ ਨੇ ਮੋਟਰਸਾਈਕਲ ਨੰਬਰੀ ਪੀਬੀ 58 ਐੱਚ 1742 ਸਪਲੈਂਡਰ ’ਤੇ ਆਉਂਦੇ ਦੋ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਸੁਖਦੇਵ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕਾਲੀ ਬ੍ਰਾਹਮਣੀ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਉਸਦੇ ਸਾਥੀ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮਹਿੰਦਰ ਸਿੰਘ ਵਾਸੀ ਘੁਮਾਣ ਥਾਣਾ ਘੁਮਾਣ ਬਟਾਲਾ ਦੀ ਤਲਾਸ਼ੀ ਕਰਨ ’ਤੇ ਉਸ ਦੀ ਖੱਬੀ ਡੱਬ ਵਿੱਚੋਂ ਇੱਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ 5 ਜਿੰਦਾ ਰੌਂਦ ਬਰਾਮਦ ਹੋਏ। ਥਾਣਾ ਘੁੰਮਣ ਕਲਾਂ ਦੀ ਪੁਲੀਸ ਨੇ ਸੁਖਦੇਵ ਸਿੰਘ ਤੇ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ।