ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਜੂਨ
ਜੰਮੂ ਕਸ਼ਮੀਰ ਵਿਚ ਸਿੱਖ ਕੁੜੀਆਂ ਨਾਲ ਵਾਪਰੀਆਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਕੋਲੋਂ ਵਾਦੀ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਘੱਟ ਗਿਣਤੀ ਕਮਿਸ਼ਨ ਦੀ ਸਥਾਪਨਾ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਮੌਜੂਦਾ ਹਾਲਾਤ ਦਾ ਪਤਾ ਲਾਉਣ ਲਈ ਅੱਜ ਇਕ ਸਿੱਖ ਵਫ਼ਦ ਵਾਦੀ ਵਿੱਚ ਭੇਜਿਆ ਸੀ, ਜਿਸ ਨੇ ਆਪਣੀ ਰਿਪੋਰਟ ਬੀਬੀ ਜਗੀਰ ਕੌਰ ਨੂੰ ਭੇਜ ਦਿੱਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਕਸ਼ਮੀਰ ਦੀਆਂ ਦੋ ਸਿੱਖ ਲੜਕੀਆਂ ਦਾ ਧਰਮ ਪਰਿਵਰਤਨ ਕਰਕੇ ਨਿਕਾਹ ਕਰਨ ਦਾ ਮਾਮਲਾ ਸਿੱਖ ਆਗੂਆਂ ਦੀਆਂ ਕੋਸ਼ਿਸ਼ਾਂ ਸਦਕਾ ਕਾਫੀ ਹੱਦ ਤੱਕ ਹੱਲ ਕਰ ਲਿਆ ਗਿਆ ਹੈ। ਸ੍ਰੀਨਗਰ ਦੀ 18 ਸਾਲਾ ਸਿੱਖ ਬੱਚੀ ਮਨਮੀਤ ਕੌਰ ਨੂੰ ਅਦਾਲਤ ਨੇ ਪਰਿਵਾਰ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਸਿੱਖ ਆਗੂਆਂ ਦੇ ਯਤਨਾਂ ਸਦਕਾ ਪਰਿਵਾਰ ਵੱਲੋਂ ਇਸ ਕੁੜੀ ਦਾ ਆਨੰਦ ਕਾਰਜ ਸਥਾਨਕ ਨੌਜਵਾਨ ਸੁਪਰੀਤ ਸਿੰਘ ਨਾਲ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਕ ਸਿੱਖ ਬੱਚੀ ਦੀ ਵਾਪਸੀ ਨਾਲ ਪਰਿਵਾਰ ਨੂੰ ਰਾਹਤ ਮਿਲੀ ਹੈ ਅਤੇ ਆਸ ਹੈ ਕਿ ਦੂਸਰੀ ਲੜਕੀ ਧਨਵੰਤ ਕੌਰ ਨੂੰ ਵੀ ਜਲਦੀ ਹੀ ਵਾਪਸ ਲਿਆਂਦਾ ਜਾਵੇਗਾ।