ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਕਤੂਬਰ
ਅੰਮ੍ਰਿਤਸਰ ਵਿੱਚ ਸਵਦੇਸ਼ ਦਰਸ਼ਨ ਪ੍ਰਾਜੈਕਟ ਤਹਿਤ ਸੈਰ-ਸਪਾਟੇ ਨੂੰ ਵਿਕਸਤ ਕਰਨ ਲਈ ਕੇਂਦਰ ਸਰਕਾਰ ਵੱਲੋਂ 100 ਕਰੋੜ ਰੁਪਏ ਖਰਚੇ ਜਾਣਗੇ। ਇਹ ਖੁਲਾਸਾ ਸੈਰ-ਸਪਾਟਾ ਅਤੇ ਰੱਖਿਆ ਬਾਰੇ ਕੇਂਦਰੀ ਰਾਜ ਮੰਤਰੀ ਅਜੈ ਭੱਟ ਨੇ ਅੱਜ ਇੱਥੇ ਕੀਤਾ।
ਇੱਥੇ ਲੰਘੀ ਸ਼ਾਮ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਅੰਮ੍ਰਿਤਸਰ ਨੂੰ ਸੈਲਾਨੀ ਕੇਂਦਰ ਵਜੋਂ ਹੋਰ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਸਵਦੇਸ਼ ਦਰਸ਼ਨ ਪ੍ਰਾਜੈਕਟ ਅਤੇ ਪ੍ਰਸ਼ਾਦ ਪ੍ਰਾਜੈਕਟ ਤਹਿਤ ਸੈਰ-ਸਪਾਟਾ ਕੇਂਦਰਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਅੰਮ੍ਰਿਤਸਰ ਵਿੱਚ ਸੈਰ-ਸਪਾਟੇ ਨੂੰ ਹੋਰ ਵਿਕਸਤ ਕਰਨ ਲਈ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਯੋਜਨਾ ਉਲੀਕ ਕੇ ਕੇਂਦਰ ਨੂੰ ਭੇਜੇ। ਉਨ੍ਹਾਂ ਕਿਹਾ ਕਿ ਟੂਰਿਜ਼ਮ ਨਾਲ ਹੀ ਆਰਥਿਕਤਾ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਵਿਰੁੱਧ ਮਿਲਜੁਲ ਕੇ ਲੜਾਈ ਲੜਨੀ ਚਾਹੀਦੀ ਹੈ। ਇਸ ਮੌਕੇ ਕੇਂਦਰੀ ਰਾਜ ਮੰਤਰੀ ਵੱਲੋਂ ਸ਼ਹਿਰ ਦੇ ਹੋਟਲ ਕਾਰੋਬਾਰੀਆਂ, ਟੂਰ ਐਂਡ ਟਰੈਵਲਜ਼ ਏਜੰਟਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਮ੍ਰਿਤਸਰ ਵਿੱਚ ਇਕ ਥੀਮ ਪਾਰਕ ਉਸਾਰੇ ਤਾਂ ਜੋ ਇੱਥੇ ਵਧੇਰੇ ਯਾਤਰੀ ਆਉਣ, ਜਿਨ੍ਹਾਂ ਵਿੱਚ ਵਧੇਰੇ ਨੌਜਵਾਨ ਤੇ ਬੱਚੇ ਆ ਸਕਣ। ਇਸ ਦੇ ਨਾਲ ਨਾਲ ਹਰੀਕੇ ਵੈੱਟਲੈਂਡ, ਕਾਂਜਲੀ ਵੈੱਟਲੈਂਡ ਅਤੇ ਕਾਲੀ ਵੇਈਂ ਨੂੰ ਵਿਕਸਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਲਈ ਜ਼ਿਲ੍ਹੇ ਵਿੱਚ ਇਕ ਗੌਲਫ਼ ਕਲੱਬ ਵੀ ਬਣਾਉਣਾ ਚਾਹੀਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਕੇਂਦਰੀ ਰਾਜ ਮੰਤਰੀ ਨੂੰ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਹੋਣੀਆਂ ਚਾਹੀਦੀਆਂ ਹਨ ਅਤੇ ਅੰਮ੍ਰਿਤਸਰ ਨੂੰ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਤ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ਵਿੱਚ ਇਕ ਹਫ਼ਤੇ ਦਾ ਕੌਮਾਂਤਰੀ ਦਿਵਸ ਮਨਾਉਣਾ ਚਾਹੀਦਾ ਹੈ ਤਾਂ ਜੋ ਦੇਸ਼-ਵਿਦੇਸ਼ ਤੋਂ ਯਾਤਰੀ ਇੱਥੇ ਆ ਸਕਣ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਖਿਆ ਕਿ ਜੰਡਿਆਲਾ ਗੁਰੂ ਵਿੱਚ ਇਤਿਹਾਸਕ ਅਤੇ ਪੁਰਾਤਨ ਠਠਿਆਰ ਮੰਡੀ ਨੂੰ ਸੰਭਾਲਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਕਲਾ ਬਾਰੇ ਜਾਣੂ ਕਰਵਾਇਆ ਜਾ ਸਕੇ। ਅੰਮ੍ਰਿਤਸਰ ਵਿੱਚ ਰੀਗੋ ਪੁਲ ਦੀ ਖ਼ਸਤਾ ਹਾਲਤ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਇਸ ਨੂੰ ਨਵੇ ਸਿਰਿਓਂ ਉਸਾਰਿਆ ਜਾਣਾ ਚਾਹੀਦਾ ਹੈ ਤੇ ਅਟਾਰੀ ਵਿੱੱਚ ਟਰੱਕ ਸਕੈਨਰ ਵੀ ਲਗਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਅੰਮ੍ਰਿਤਸਰ ਪੱਟੀ ਮੱਖੂ ਦੇ ਰੇਲ ਲਿੰਕ ਨੂੰ ਜਲਦੀ ਬਣਾਇਆ ਜਾਵੇ, ਜ਼ਿਲ੍ਹੇ ਅੰਦਰ ਟੂਰਿਜ਼ਮ ਨੂੰ ਵਧਾਉਣ ਲਈ ਪੁਰਾਣੀਆਂ ਤੇ ਇਤਿਹਾਸਕ ਇਮਾਰਤਾਂ ਵਿਕਸਤ ਕੀਤੀਆਂ ਜਾਣ। ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਖਿਆ ਕਿ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ’ਤੇ ਹੋਰ ਸੁਵਿਧਾਵਾਂ ਦੀ ਲੋੜ ਹੈ ਅਤੇ ਇੱਥੋਂ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਵਿਧਾਇਕ ਜਸਵਿੰਦਰ ਸਿੰਘ ਏਡੀਸੀ ਨੇ ਸ਼ਹਿਰ ਵਿੱਚ ਟੂਰਿਜ਼ਮ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਕੇਂਦਰੀ ਰਾਜ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਦਿੱਤੇ ਗਏ ਸੁਝਾਵਾਂ ’ਤੇ ਅਮਲ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਵੱਲੋਂ ਜਲਦੀ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਵਿਧਾਇਕਾ ਜੀਵਨਜੋਤ ਕੌਰ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਆਦਿ ਅਧਿਕਾਰੀ ਹਾਜ਼ਰ ਸਨ।