ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 9 ਨਵੰਬਰ
ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਚੌਥਾ ਚੰਨਾ ਰਾਣੀਵਾਲੀਆ ਯਾਦਗਾਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁਖੀ ਰਾਜਨੀਤੀ ਵਿਭਾਗ ਦੇ ਡਾ. ਸਤਨਾਮ ਸਿੰਘ ਦਿਓਲ ਨੇ ਵੀ ਵਿਚਾਰ ਰੱਖੇ। ਕਵੀ ਦਰਬਾਰ ਦਾ ਸੰਚਾਲਨ ‘ਹੁਣ’ ਰਸਾਲੇ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਕੀਤਾ। ਉਨ੍ਹਾਂ ਸਰੋਤਿਆਂ ਨੂੰ ਕਵੀਆਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਕਵੀ ਦਰਬਾਰ ਵਿਚ ਬਲਵਿੰਦਰ ਸੰਧੂ, ਰਮਨ ਸੰਧੂ, ਸਿਮਰਨ ਅਕਸ਼, ਗੁਰਜੰਟ ਰਾਜੇਆਣਾ, ਰੋਜ਼ੀ ਸਿੰਘ, ਹਰਮੀਤ ਆਰਟਿਸਟ ਅਤੇ ਐੱਸ. ਪ੍ਰਸ਼ੋਤਮ ਨੇ ਆਪਣੀਆਂ ਰਚਨਾਵਾਂ ਸੁਣਾਈਆਂ।
ਇਸ ਕਵੀ ਦਰਬਾਰ ਵਿਚ ਵਿਸ਼ੇਸ਼ ਮਹਿਮਾਨ ਵਜੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਵੀ ਆਪਣੀਆਂ ਕਵਿਤਾਵਾਂ ਸੁਣਾਈਆਂ। ਮੁੱਖ ਮਹਿਮਾਨ ਵਜੋਂ ਹੰਸ ਰਾਜ ਹੰਸ ਦੇ ਗਾਏ ਮਸ਼ਹੂਰ ਗੀਤ ‘ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ’ ਦੇ ਲੇਖਕ ਅਤੇ ਪਰਵਾਸੀ ਪੰਜਾਬੀ ਕਵੀ ਹਰਜਿੰਦਰ ਕੰਗ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ। ਉਨ੍ਹਾਂ ਆਪਣੀਆਂ ਰਚਨਾਵਾਂ ਸੁਣਾਈਆਂ ਅਤੇ ਦਿਲ ਦੀਆਂ ਡੂੰਘੀਆਂ ਪਰਤਾਂ ਵਿਚ ਬੈਠੇ ਪਰਵਾਸ ਦੇ ਦੁੱਖੜੇ ਵੀ ਬਿਆਨ ਕੀਤੇ।
ਕਵੀ ਦਰਬਾਰ ਦੀ ਪ੍ਰਧਾਨਗੀ ਜਸਵੰਤ ਜਫਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਨੇ ਕੀਤੀ। ਉਨ੍ਹਾਂ ਕਵੀਆਂ ਦੇ ਕਲਾਮ ਦੀ ਪ੍ਰਸ਼ੰਸਾ ਵੀ ਕੀਤੀ। ਜਸਵੰਤ ਜ਼ਫਰ ਨੇ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ। ਇਸ ਮੌਕੇ ਏਕਮ ਦੀ ਸੰਪਾਦਕ ਕਵਿਤਰੀ ਅਰਤਿੰਦਰ ਸੰਧੂ ਦਾ ਨਵਾਂ ਕਾਵਿ-ਸੰਗ੍ਰਹਿ ‘ਜ਼ਿੰਦਗੀ ਜ਼ਿੰਦਗੀ’ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ।