ਰਾਜਨ ਮਾਨ
ਰਾਮਦਾਸ, 9 ਸਤੰਬਰ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਾਬਾ ਬੁੱਢਾ ਸਾਹਿਬ ਦੇ ਇਤਿਹਾਸਕ ਕਸਬੇ ਰਮਦਾਸ ਨੂੰ ਆਉਣ ਵਾਲੇ ਸਾਰੇ ਮੁੱਖ ਮਾਰਗਾਂ ’ਤੇ ਚਾਰ ਗੇਟ ਬਣਾਉਣ ਲਈ 2.75 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸ੍ਰੀ ਧਾਲੀਵਾਲ ਨੇ ਕਿਹਾ, ‘‘ਇਸ ਇਤਿਹਾਸਕ ਕਸਬੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਉਸ ਵੇਲੇ ਚਾਰ ਗੇਟ ਬਣਵਾਏ ਸਨ ਅਤੇ ਮੈਂ ਉਨ੍ਹਾਂ ਦੀ ਯਾਦ ਵਿੱਚ ਹੀ ਚਾਰੋਂ ਪਾਸੋਂ ਆਉਣ ਵਾਲੀਆਂ ਸੜਕਾਂ ’ਤੇ ਵੱਡੇ ਗੇਟ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨ੍ਹਾਂ ਗੇਟਾਂ ਲਈ ਰਾਸ਼ੀ ਜਾਰੀ ਕਰਨ ਬਾਰੇ ਲਿਖਿਆ ਸੀ। ਮੁੱਖ ਮੰਤਰੀ ਨੇ ਮੇਰੀ ਮੰਗ ਨੂੰ ਸਵੀਕਾਰ ਕਰਦਿਆਂ ਅੱਜ ਆਪਣੇ ਅਖਤਿਆਰੀ ਫੰਡਾਂ ਵਿੱਚੋਂ 2.73 ਕਰੋੜ ਰੁਪਏ ਦੇ ਕਰੀਬ ਰਾਸ਼ੀ ਜਾਰੀ ਕਰ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਇੱਥੇ ਬਾਬਾ ਬੁੱਢਾ ਜੀ ਨੇ ਆਖਰੀ ਵਕਤ ਗੁਜ਼ਾਰਿਆ ਸੀ ਅਤੇ ਆਪਣੇ ਪ੍ਰਾਣ ਵੀ ਇਸ ਸਥਾਨ ’ਤੇ ਤਿਆਗੇ ਸਨ। ਉਨ੍ਹਾਂ ਕਿਹਾ ਕਿ ਇਲਾਕੇ ਦੀ ਸੰਗਤ ਦੀ ਇਹ ਪੁਰਾਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਪਹਿਲ ਦੇ ਆਧਾਰ ’ਤੇ ਇਸ ਕੰਮ ਵਿੱਚ ਜੁੱਟ ਜਾਣ। ਸ੍ਰੀ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਹਮੇਸ਼ਾ ਹਲਕੇ ਦਾ ਵਿਕਾਸ ਰਹੀ ਹੈ ਅਤੇ ਇਸ ਹਲਕੇ ਨੂੰ ਪੰਜਾਬ ਦਾ ਨੰਬਰ ਇਕ ਹਲਕਾ ਬਣਾਉਣ ਲਈ ਉਹ ਹਰ ਵੇਲੇ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਰਮਦਾਸ ਦੇ ਰੇਲਵੇ ਸਟੇਸ਼ਨ ਦਾ ਨਾਮ ਬਾਬਾ ਬੁੱਢਾ ਜੀ ਦੇ ਨਾਮ ’ਤੇ ਰੱਖਣ ਸਬੰਧੀ ਉਹ ਭਲਕੇ ਦਿੱਲੀ ਕੇਂਦਰੀ ਰੇਲ ਮੰਤਰੀ ਨੂੰ ਮਿਲਣ ਜਾ ਰਹੇ ਹਨ ਅਤੇ ਆਸ ਹੈ ਕਿ ਉਹ ਆਪਣੀ ਮੰਗ ਪੂਰੀ ਕਰਾਉਣ ਵਿੱਚ ਸਫ਼ਲ ਹੋਣਗੇ।