ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 15 ਅਕਤੂਬਰ
ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਵੇਰਕਾ-ਬਟਾਲਾ ਰੋਡ ’ਤੇ ਬੀ.ਆਰ.ਟੀ.ਐੱਸ. ਫਲਾਈ ਓਵਰ ’ਤੇ ਪਤੰਗ ਦੀ ਡੋਰ ਕਾਰਨ ਗਲਾ ਵੱਢੇ ਜਾਣ ਕਾਰਨ ਰੇਲਵੇ ਕਰਮਚਾਰੀ ਤੇ ਵੇਰਕਾ ਵਾਸੀ ਹਰਅੰਮ੍ਰਿਤਪਾਲ ਸਿੰਘ ਉਰਫ਼ ਰਾਜਨ (43) ਦੀ ਮੌਤ ਹੋ ਗਈ। ਘਟਨਾ ਕੱਲ੍ਹ ਸਵੇਰੇ ਵਾਪਰੀ ਸੀ ਅਤੇ ਉਸ ਨੂੰ ਇਲਾਜ ਵਾਸਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਅੱਜ ਉਸ ਨੇ ਦਮ ਤੋੜ ਦਿੱਤਾ। ਉਹ ਇੱਥੇ ਉੱਤਰੀ ਰੇਲਵੇ ਦੇ ਇੰਜਨੀਅਰਿੰਗ ਬਲਾਕ ਵਿੱਚ ਤਾਇਨਾਤ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਮੋਟਰਸਾਈਕਲ ’ਤੇ ਆਪਣੀ ਡਿਊਟੀ ’ਤੇ ਜਾ ਰਿਹਾ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਅੱਜ ਉਸ ਨੇ ਦਮ ਤੋੜ ਦਿੱਤਾ।