ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਨਵੰਬਰ
ਕੁਝ ਦਸਤਾਵੇਜ਼ਾਂ ਦੀ ਘਾਟ ਕਾਰਨ ਪਾਕਿਸਤਾਨ ਜਾਣ ਤੋਂ ਰੁਕੇ ਹੋਏ ਲਗਪਗ 100 ਪਾਕਿਸਤਾਨੀ ਹਿੰਦੂਆਂ ਨੂੰ ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨ ਤਾਰਨ ਵਾਲਿਆਂ ਨੇ ਟੈਂਟ, ਗੱਦੇ, ਕੰਬਲ ਤੇ ਰਾਸ਼ਨ ਆਦਿ ਭੇਟ ਕੀਤਾ ਹੈ। ਠੰਢ ਵਧਣ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਆਪਣਾ ਤੇ ਬੱਚਿਆਂ ਦਾ ਬਚਾਅ ਕਰਨਾ ਔਖਾ ਹੋ ਰਿਹਾ ਸੀ। ਇਹ ਪਾਕਿਸਤਾਨੀ ਹਿੰਦੂ ਪਿਛਲੇ ਲਗਪਗ ਇਕ ਮਹੀਨੇ ਤੋਂ ਅਟਾਰੀ ਸਰਹੱਦ ਨੇੜੇ ਰੁਕੇ ਹੋਏ ਹਨ।
ਇਹ ਪਾਕਿਸਤਾਨੀ ਹਿੰਦੂ ਕਰੋਨਾ ਤੋਂ ਪਹਿਲਾਂ ਭਾਰਤ ਵਿਚ ਰਾਜਸਥਾਨ ਵਿਚ ਆਏ ਸਨ ਤੇ ਕਰੋਨਾ ਤੋਂ ਬਾਅਦ ਹੁਣ ਤਕ ਵਾਪਸ ਨਹੀਂ ਪਰਤ ਸਕੇ ਹਨ। ਕਰੀਬ 100 ਜਣਿਆਂ ਵਿਚ 50 ਦੇ ਲਗਪਗ ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਔਰਤਾਂ ਵੀ ਸ਼ਾਮਲ ਹਨ। ਦਸਤਾਵੇਜ਼ਾਂ ਦੀ ਘਾਟ ਕਾਰਨ ਇਨ੍ਹਾਂ ਦੇ ਵਾਪਸ ਜਾਣ ਵਿਚ ਅੜਿਕਾ ਪੈਦਾ ਹੋ ਗਿਆ ਹੈ। ਇਸ ਕਾਰਨ ਇਹ ਹੁਣ ਅਟਾਰੀ ਸਰਹੱਦ ਨੇੜੇ ਖੁੱਲ੍ਹੇ ਅਸਮਾਨ ਹੇਠਾਂ ਹੀ ਰੁਕੇ ਹੋਏ ਹਨ। ਇਨ੍ਹਾਂ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਅੱਜ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਨਾਲ ਸਬੰਧਿਤ ਬਾਬਾ ਗੁਰਮੀਤ ਸਿੰਘ, ਬਾਬਾ ਜੋਗਾ ਸਿੰਘ ਤੇ ਹੋਰ ਇਨ੍ਹਾਂ ਪਰਿਵਾਰਾਂ ਕੋਲ ਪੁੱਜੇ ਸਨ। ਉਨ੍ਹਾਂ ਨੇ ਇਨ੍ਹਾਂ ਨੂੰ ਇੱਥੇ ਠਹਿਰਾਅ ਵਾਸਤੇ ਟੈਂਟ, ਕੰਬਲ, ਦਰੀਆਂ, ਗੱਦੇ, ਆਟਾ, ਦਾਲ, ਚੌਲ, ਘਿਓ ਤੇ ਤੇਲ ਆਦਿ ਰਾਸ਼ਨ ਦੀਆਂ ਵਸਤਾਂ ਭੇਟ ਕੀਤੀਆਂ ਹਨ। ਇਸ ਤੋਂ ਪਹਿਲਾਂ ਇਨ੍ਹਾਂ ਨੂੰ ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਹੀ ਲੰਗਰ ਪਾਣੀ ਦੀ ਸੇਵਾ ਮੁਹੱਈਆ ਕੀਤੀ ਜਾ ਰਹੀ ਸੀ।
ਇਨ੍ਹਾਂ ਪਰਿਵਾਰਾਂ ਵਿਚ ਸ਼ਾਮਲ ਕੇਵਲ ਦਾਸ ਨੇ ਇਸ ਯੋਗਦਾਨ ਲਈ ਕਾਰ ਸੇਵਾ ਵਾਲੇ ਬਾਬਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਤੁਰੰਤ ਵਾਪਸੀ ਦੇ ਪ੍ਰਬੰਧਾਂ ਲਈ ਵੀ ਅਪੀਲ ਕੀਤੀ ਹੈ। ਕਾਰ ਸੇਵਾ ਸੰਪਰਦਾ ਦੇ ਆਗੂਆਂ ਨੇ ਇਨ੍ਹਾਂ ਵਾਸਤੇ ਆਉਂਦੇ ਦਿਨਾਂ ਵਿਚ ਗਰਮ ਕੱਪੜੇ, ਚੱਪਲਾਂ ਤੇ ਹੋਰ ਸਾਮਾਨ ਸਣੇ ਮੈਡੀਕਲ ਸਹੂਲਤ ਮੁਹੱਈਆ ਕਰਨ ਦਾ ਵੀ ਭਰੋਸਾ ਦਿੱਤਾ ਹੈ।