ਪੱਤਰ ਪ੍ਰੇਰਕ
ਅੰਮ੍ਰਿਤਸਰ, 16 ਜੁਲਾਈ
ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਅਤਿਵਾਦੀ ਕਹੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਹਜ਼ਾਰਾਂ ਦੇਸ਼ ਭਗਤ ਇਨਕਲਾਬੀ ਸ਼ਹੀਦਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦਾ ਘੋਰ ਅਪਮਾਨ ਕਿਹਾ ਹੈ ਅਤੇ ਪੰਜਾਬ ਸਰਕਾਰ ਤੋਂ ਲੋਕਾਂ ਦੀਆਂ ਭਾਵਨਾਵਾਂ ਅਤੇ ਦੰਗੇ ਭੜਕਾਉਣ ਦੇ ਦੋਸ਼ ਹੇਠ ਉਸ ਖਿਲਾਫ ਅਪਰਾਧਿਕ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।
ਡਾ. ਪਰਮਿੰਦਰ ਸਿੰਘ, ਤਰਕਸ਼ੀਲ ਆਗੂ ਸੁਮੀਤ ਸਿੰਘ, ਯਸ਼ਪਾਲ ਝਬਾਲ਼, ਜਸਪਾਲ ਬਾਸਰਕੇ ਅਤੇ ਅਮਰਜੀਤ ਸਿੰਘ ਭੱਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਹਿੰਦੋਸਤਾਨ ਦੇ ਆਜ਼ਾਦੀ ਸੰਗਰਾਮ ਦਾ ਮਹਾਨ ਇਨਕਲਾਬੀ ਨਾਇਕ ਅਤੇ ਚਿੰਤਕ ਹੈ, ਜਿਸਨੇ ਬਰਤਾਨਵੀਂ ਹਕੂਮਤ ਖਿਲਾਫ ਆਜ਼ਾਦੀ ਦੀ ਜੰਗ ਦਾ ਐਲਾਨ ਕਰਦਿਆਂ ਭਰ ਜਵਾਨੀ ਵਿਚ ਆਪਣੇ ਇਨਕਲਾਬੀ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਸ਼ਹਾਦਤ ਦਿੱਤੀ ਜਦਕਿ ਇਸਦੇ ਬਿਲਕੁਲ ਉਲਟ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਅਰੂੜ ਸਿੰਘ ਨੇ ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਜਮਹੂਰੀ ਆਗੂਆਂ ਨੇ ਦੋਸ਼ ਲਾਇਆ ਕਿ ਬਰਤਾਨਵੀਂ ਸਾਮਰਾਜ ਦੀ ਦਲਾਲੀ ਕਰਨ ਵਾਲਿਆਂ ਨੂੰ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ਅਤੇ ਵਿਚਾਰਧਾਰਾ ਬਾਰੇ ਕੋਈ ਵੀ ਗ਼ਲਤ ਬਿਆਨਬਾਜ਼ੀ ਕਰਨ ਦਾ ਕੋਈ ਹੱਕ ਨਹੀਂ ਅਤੇ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ਉਤੇ ਪਹਿਰਾ ਦੇਣ ਵਾਲੇ ਕਰੋੜਾਂ ਚੇਤੰਨ ਲੋਕ ਅਜਿਹੀ ਅਪਮਾਨਜਨਕ ਬਿਆਨਬਾਜ਼ੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।