ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਜੁਲਾਈ
ਗੁਰੂਆਂ, ਪੀਰਾਂ ਅਤੇ ਸਾਹਿਤਕਾਰਾਂ ਵੱਲੋਂ ਹੋਂਦ ਵਿਚ ਲਿਆਂਦੀ ਗੌਰਵਮਈ ਸੰਵਾਦ ਪਰੰਪਰਾ ‘ਕਿਛੁ ਸੁਣੀਐ ਕਿਛੁ ਕਹੀਐ’ ਦੇ ਅੰਤਰਗਤ ਰਾਬਤਾ ਮੁਕਾਲਮਾਂ ਕਾਵਿ ਮੰਚ ਵੱਲੋਂ ਆਰੰਭੀ ਲੜੀ ਤਹਿਤ ਗ਼ਜ਼ਲਗੋ ਜਸਵੰਤ ਧਾਪ ਨਾਲ ਸਾਹਿਤਕ ਗੁਫ਼ਤਗੂ ਰਚਾਈ ਗਈ। ਸਮਾਗਮ ਦੇ ਕਨਵੀਨਰ ਸਰਬਜੀਤ ਸਿੰਘ ਸੰਧੂ ਨੇ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਜਨਵਾਦੀ ਸ਼ਾਇਰ ਹਰਭਜਨ ਸਿੰਘ ਹੁੰਦਲ ਨੂੰ ਮੋਨ ਧਾਰਨ ਕਰਕੇ ਅਕੀਦਤ ਦੇ ਫੁੱਲ ਭੇਟ ਕੀਤੇ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਬੰਧਿਤ ਕਾਲਜਾਂ ਵਿਚ ਪੰਜਾਬੀ ਵਿਸ਼ਾ ਲਾਜ਼ਮੀ ਪੜਾਏ ਜਾਣ ਸਬੰਧੀ ਪੈਦਾ ਹੋਏ ਵਿਵਾਦ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਦੀ ਹਾਜ਼ਰ ਸਾਹਿਤਕਾਰਾਂ ਵੱਲੋਂ ਨਿਖੇਧੀ ਕੀਤੀ ਗਈ। ਉਨ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਵੱਲੋਂ ਯੂਨੀਵਰਸਿਟੀ ਦੇ ਇਸ ਫ਼ੈਸਲੇ ਵਿਰੁੱਧ ਲਏ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅਧਿਕਾਰੀ ਮਾਤ ਭਾਸ਼ਾ ਦੀ ਬਿਹਤਰੀ ਲਈ ਪੰਜਾਬੀ ਨੂੰ ਪਹਿਲ ਦੇ ਆਧਾਰ ’ਤੇ ਪੜ੍ਹਾਉਣ। ਜਸਵੰਤ ਧਾਪ ਹੁਰਾਂ ਆਪਣੀਆਂ ਖ਼ੂਬਸੂਰਤ ਗ਼ਜ਼ਲਾਂ ਤਰੰਨੁਮ ਵਿਚ ਗਾ ਕੇ ਸਿਖਰ ਸਿਰਜਿਆ ਅਤੇ ਕਿਹਾ ਕਿ ਸਥਾਪਿਤ ਲੇਖਕ ਹਮੇਸ਼ਾ ਉਹਨਾਂ ਦੇ ਪ੍ਰੇਰਨਾ ਸਰੋਤ ਰਹੇ ਹਨ। ਰਚਨਾਵਾਂ ਦੇ ਚੱਲੇ ਦੌਰ ਵਿੱਚ ਸ਼ਾਇਰ ਮਲਵਿੰਦਰ, ਡਾ. ਮੋਹਨ, ਜਗਤਾਰ ਗਿੱਲ, ਡਾ. ਭੁਪਿੰਦਰ ਸਿੰਘ ਫੇਰੂਮਾਨ, ਬਲਜਿੰਦਰ ਮਾਂਗਟ ਅਤੇ ਸਤਿੰਦਰ ਓਠੀ ਨੇ ਸਮਾਗਮ ਵਿੱਚ ਕਾਵਿਕ ਰੰਗ ਬਿਖੇਰਿਆ।
ਡਾ. ਦੇਵਿੰਦਰ ਕੁਮਾਰ ਨਾਲ ਰੂਬਰੂ
ਨਵਾਂ ਸ਼ਹਿਰ (ਸੁਰਜੀਤ ਮਜਾਰੀ): ਭਾਸ਼ਾ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਇਸ ਮਹੀਨੇ ਵਿੱਚ ਹੋਣ ਵਾਲੇ ਸਾਹਿਤਕ ਸਮਾਗਮ ਵਿੱਚ ਨਾਮਵਰ ਪੰਜਾਬੀ ਨਾਟਕਕਾਰ ਡਾ. ਦੇਵਿੰਦਰ ਕੁਮਾਰ ਦਾ ਰੂ-ਬ-ਰੂ ਸਮਾਗਮ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿੱਚ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਪੰਜਾਬੀ ਕਹਾਣੀਕਾਰ ਅਜਮੇਰ ਸਿੱਧੂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਹ ਆਪ ਵੀ ਸਕੂਲੀ ਸਮੇਂ ਦੌਰਾਨ ਉਨ੍ਹਾਂ ਨਾਲ ਥੀਏਟਰ ਕੀਤਾ ਹੈ। ਇਸ ਪਿਛੋਂ ਸ੍ਰੋਤਿਆਂ ਵੱਲੋਂ ਉਨ੍ਹਾਂ ਨੂੰ ਸਵਾਲ ਵੀ ਕੀਤੇ ਗਏ। ਇਸ ਪਿੱਛੋਂ ਡਾ. ਦਵਿੰਦਰ ਸ਼ਰਮਾ, ਡਾ. ਰਾਜਵਿੰਦਰ ਕੌਰ ਅਤੇ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਦਾ ਭਾਸ਼ਾ ਵਿਭਾਗ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਤੋਂ ਗਗਨਦੀਪ ਸਿੰਘ, ਸਨੀ ਸਿੰਘ, ਹਰਪ੍ਰੀਤ ਅਤੇ ਪ੍ਰਸਿੱਧ ਰੰਗ ਕਰਮੀ ਬੀਬਾ ਕੁਲਵੰਤ ਆਦਿ ਸ਼ਾਮਲ ਸਨ।