ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਨਵੰਬਰ
ਇਥੋਂ ਦੇ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਆਉਂਦੇ ਸ਼ਰਧਾਲੂਆਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਇਥੇ ਸ਼ਰਧਾਲੂਆਂ ਦੀ ਰਿਹਾਇਸ਼ ਲਈ ਪੇਸ਼ ਆਉਂਦੀ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ 1400 ਕਮਰਿਆਂ ਵਾਲੀ ਸੱਤ ਮੰਜ਼ਿਲਾ ਸਰਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨਿਵਾਸ ਨਾਂ ਦੀ ਇਸ ਨਵੀਂ ਸਰਾਂ ਦਾ ਨਿਰਮਾਣ ਕਾਰਜ ਅੱਜ ਸਿੱਖ ਰਵਾਇਤਾਂ ਨਾਲ ਆਰੰਭ ਕੀਤਾ ਗਿਆ। ਇਹ ਨਿਰਮਾਣ ਕਾਰਜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਸ਼ੁਰੂ ਕੀਤਾ ਗਿਆ। ਇਹ ਨਿਵਾਸ ਰਾਮ ਤਲਾਈ ਚੌਕ ਨਜ਼ਦੀਕ ਪੁਰਾਣੀ ਹੰਸਲੀ ਦੇ ਸਥਾਨ ’ਤੇ ਬਣਾਇਆ ਜਾਵੇਗਾ ਜਿਸ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ।
ਅੱਜ ਇਸ ਮੌਕੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਲਈ ਵੱਖ-ਵੱਖ ਥਾਵਾਂ ’ਤੇ ਸਰਾਵਾਂ ਵਿੱਚ ਵਾਧਾ ਕਰਨ ਦੇ ਕਾਰਜ ਜਾਰੀ ਹਨ। ਇਸੇ ਤਹਿਤ ਹੀ 1400 ਕਮਰਿਆਂ ਵਾਲੀ ਨਵੀਂ ਸਰਾਂ ਪੁਰਾਣੀ ਹੰਸਲੀ ਦੇ ਸਥਾਨ ’ਤੇ ਤਿਆਰ ਕੀਤੀ ਜਾ ਰਹੀ ਹੈ। ਇਸ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ। ਸੱਤ ਮੰਜ਼ਿਲਾ ਇਹ ਸਰਾਂ ਵਰਤਮਾਨ ਸਮੇਂ ਦੀਆਂ ਸਹੂਲਤਾਂ ਅਨੁਸਾਰ ਬਣਾਈ ਜਾਵੇਗੀ। ਇਸ ਵਿਚ ਗਰਾਊਂਡ ਫਲੌਰ ’ਤੇ 300 ਕਾਰਾਂ ਦੀ ਪਾਰਕਿੰਗ ਦਾ ਪ੍ਰਬੰਧ ਹੋਵੇਗਾ। ਇਸ ਦੇ ਨਾਲ ਹੀ ਸਰਾਂ ਅੰਦਰ ਕੰਟੀਨ ਵੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਵੀ ਕੁਝ ਸਰਾਵਾਂ ਦੀ ਉਸਾਰੀ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ ਪਰ ਚੌਕ ਰਾਮ ਤਲਾਈ ਨਜ਼ਦੀਕ ਇਸ ਵਿਸ਼ਾਲ ਸਰਾਂ ਦੀ ਉਸਾਰੀ ਨਾਲ ਸੰਗਤ ਦੀ ਰਿਹਾਇਸ਼ ਸਬੰਧੀ ਮੁਸ਼ਕਿਲ ਹੱਲ ਹੋਵੇਗੀ।
ਗੁਰੂ ਰਾਮਦਾਸ ਸਰਾਂ ਦੇ ਨਵੀਨੀਕਰਨ ਦਾ ਕੰਮ ਮੁਲਤਵੀ
ਇਸ ਵੇਲੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਅੰਮ੍ਰਿਤਸਰ ਵਿੱਚ ਕੁੱਲ 9 ਸਰਾਵਾਂ ਹਨ, ਜਿਨਾਂ ਵਿੱਚ ਲਗਪਗ ਇਕ ਹਜ਼ਾਰ ਤੋਂ ਵੱਧ ਕਮਰੇ ਹਨ। ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਦੀ ਵੱਧ ਰਹੀ ਆਮਦ ਕਾਰਨ ਇਥੇ ਵਧੇਰੇ ਕਮਰਿਆਂ ਦੀ ਲੋੜ ਹੈ। ਸਿੱਖ ਸੰਸਥਾ ਵੱਲੋਂ ਕੈਪਸ ਵਿਚ ਬਣੀ ਸ੍ਰੀ ਗੁਰੂ ਰਾਮਦਾਸ ਸਰਾਂ ਦਾ ਨਵੀਨੀਕਰਨ ਅਤੇ ਮੁਰੰਮਤ ਕਰਨ ਦੀ ਵੀ ਯੋਜਨਾ ਸੀ ਅਤੇ ਇਸ ਥਾਂ ’ਤੇ ਵੀ ਵਧੇਰੇ ਕਮਰੇ ਬਣਾਏ ਜਾਣੇ ਸਨ ਪਰ ਇਸ ਨੂੰ ਇਤਿਹਾਸਕ ਅਤੇ ਵਿਰਾਸਤੀ ਦੱਸ ਕੇ ਹੋਏ ਵਿਰੋਧ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਯੋਜਨਾ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।