ਜੇ.ਬੀ. ਸੇਖੋਂ
ਗੜ੍ਹਸ਼ੰਕਰ, 6 ਅਕਤੂਬਰ
ਇੱਥੋਂ ਦੇ ਸਿਵਲ ਹਸਪਤਾਲ ਅਤੇ ਐੱਸਡੀਐੱਮ ਦਫ਼ਤਰ ਵਿੱਚ ਕਰੋਨਾ ਦੀ ਸੈਂਪਲਿੰਗ ਲਈ ਡਾਕਟਰੀ ਅਮਲੇ ਦੀ ਥਾਂ ਹਸਪਤਾਲ ਦੇ ਦਰਜਾ ਚਾਰ ਕਰਮਚਾਰੀ ਨਿਯੁਕਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਐੱਸਡੀਐੱਮ ਦਫ਼ਤਰ ਵਿੱਚ ਅਤੇ ਸਿਵਲ ਹਸਪਤਾਲ ਵਿੱਚ ਰੋਜ਼ਾਨਾ ਕਰੀਬ 400 ਲੋਕਾਂ ਦੇ ਕਰੋਨਾ ਜਾਂਚ ਲਈ ਨਮੂਨੇ ਲਏ ਜਾਂਦੇ ਹਨ। ਸਿਵਲ ਹਸਪਤਾਲ ਵਿੱਚ ਲੰਬੇ ਸਮੇਂ ਤੋਂ ਡਾਕਟਰਾਂ ਸਣੇ ਹੋਰ ਅਮਲੇ ਦੀ ਘਾਟ ਹੈ। ਸੂਤਰਾਂ ਅਨੁਸਾਰ ਅਗਸਤ ਮਹੀਨੇ ਦੌਰਾਨ ਹਸਪਤਾਲ ਦੇ 12 ਮੁਲਾਜ਼ਮਾਂ ਦੇ ਕਰੋਨਾ ਪੀੜਤ ਹੋਣ ਤੋਂ ਬਾਅਦ ਕਰੋਨਾ ਦੀ ਸੈਂਪਲਿੰਗ ਦਾ ਸਮੁੱਚਾ ਕੰਮ ਦਰਜਾ ਚਾਰ ਕਰਮਚਾਰੀਆਂ ਨੂੰ ਦੇ ਦਿੱਤਾ ਗਿਆ ਅਤੇ ਕਰੀਬ ਦੋ ਮਹੀਨਿਆਂ ਤੋਂ ਹਸਪਤਾਲ ਵਿੱਚ ਵੱਖ-ਵੱਖ ਵਰਗਾਂ ਤਹਿਤ ਕੰਮ ਕਰਦੇ ਦਰਜਾ ਚਾਰ ਮੁਲਾਜ਼ਮ ਹੀ ਇਹ ਕੰਮ ਕਰ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਵਿੱਚ ਕੰਪਿਊਟਰ ਅਪਰੇਟਰ ਸਣੇ ਧੋਬੀ ਤੇ ਚੌਕੀਦਾਰ ਆਦਿ ਸ਼ਾਮਲ ਹਨ। ਐੱਸਡੀਐੱਮ ਦਫ਼ਤਰ ਵਿੱਚ ਲਾਈ ਮਸ਼ੀਨ ਵਿੱਚੋਂ ਸੈਨੇਟਾਈਜ਼ਰ ਵੀ ਖ਼ਤਮ ਹੋ ਚੁੱਕਿਆ ਹੈ।
ਐੱਸਐੱਮਓ ਡਾ. ਟੇਕ ਰਾਜ ਭਾਟੀਆ ਨੇ ਕਿਹਾ ਕਿ ਦਰਜਾ ਚਾਰ ਕਰਮਚਾਰੀਆਂ ਨੂੰ ਨਮੂਨੇ ਲੈਣ ਦਾ ਕੰਮ ਸਿਖਾਇਆ ਗਿਆ ਹੈ ਤੇ ਵਿਭਾਗੀ ਨਿਰਦੇਸ਼ਾਂ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਹੈ।
ਜਲੰਧਰ ’ਚ ਕਰੋਨਾ ਨਾਲ 5 ਮੌਤਾਂ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ ਵਿੱਚ ਕਰੋਨਾ ਨਾਲ 5 ਮੌਤਾਂ ਹੋ ਗਈਆਂ ਹਨ ਤੇ 133 ਨਵੇਂ ਪਾਜ਼ੇਟਿਵ ਕੇਸ ਆਏ ਹਨ। ਅੱਜ ਦੀਆਂ ਰਿਪੋਰਟਾਂ ਵਿੱਚ ਦੋ ਡਾਕਟਰ ਤੇ ਇੱਕ ਪੁਲੀਸ ਮੁਲਾਜ਼ਮ ਵੀ ਕਰੋਨਾ ਦੀ ਲਪੇਟ ਵਿੱਚ ਆ ਗਿਆ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਅੱਜ 63 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦੋਂਕਿ 3 ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਦਫ਼ਤਰ ਮੁਤਾਬਕ ਜ਼ਿਲ੍ਹੇ ’ਚ ਹੁਣ ਤੱਕ 177 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 572 ਕੇਸ ਐਕਟਿਵ ਹਨ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਅੱਜ ਜ਼ਿਲ੍ਹੇ ਵਿਚ 99 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ ਅਤੇ ਇਸ ਦੌਰਾਨ ਦੋ ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਇਸ ਵੇਲੇ 995 ਮਰੀਜ਼ ਜ਼ੇਰੇ ਇਲਾਜ ਹਨ। ਇਸ ਦੌਰਾਨ ਅੱਜ 164 ਜਣਿਆਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ।
ਗੁਰਦਾਸਪੁਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਅੱਜ ਕਰੋਨਾ ਨਾਲ ਇੱਕ ਮਰੀਜ਼ ਦੀ ਮੌਤ ਹੋ ਗਈ ਜਦੋਂਕਿ 32 ਦੀ ਰਿਪੋਰਟ ਪਾਜ਼ੇਟਿਵ ਆਈ ਹੈ।