ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 30 ਜੂਨ
ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸਮਾਰਟ ਸਿਟੀ ਅਧੀਨ ਚਲਾਏ ਜਾ ਰਹੇ ‘ਰਾਹੀ ਈ-ਆਟੋ ਸਕੀਮ’ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਪਹਿਲ ਦੇ ਆਧਾਰ ’ਤੇ ਲਾਗੂ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਸ ਲਈ ਸਰਕਾਰ ਵੱਲੋਂ ਪੁਲੀਸ ਵਿਭਾਗ ਨੂੰ ਪੁਰਾਣੇ ਡੀਜ਼ਲ ਆਟੋ ਅਤੇ ਜਗਾੜੂ ਈ-ਰਿਕਸ਼ਾ ਨੂੰ ਬੰਦ ਕਰਵਾਉਣ ਲਈ ਉਚੇਚੇ ਤੌਰ ’ਤੇ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਸਿੱਟੇ ਵਜੋਂ ਅੱਜ ਕਮਿਸ਼ਨਰ ਪੁਲੀਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਟਰੈਫਿਕ ਪੁਲੀਸ ਦੇ 6 ਅਧਿਕਾਰੀਆਂ ਦੀ ਟੀਮ ਬਣਾ ਦਿੱਤੀ ਗਈ ਹੈ। ਇਨ੍ਹਾਂ ਅਧਿਕਾਰੀਆਂ ਵਲੋਂ ਰੋਜ਼ਾਨਾ ਸ਼ਹਿਰ ਦੇ ਚੌਕਾਂ ਵਿੱਚ ਨਾਕੇ ਲਗਾ ਕੇ ਚਲਾਨ ਕੱਟੇ ਜਾਣਗੇ ਅਤੇ ਇਨ੍ਹਾਂ ਵਾਹਨਾਂ ਨੂੰ ਜ਼ਬਤ ਕਰਨ ਦੀਆਂ ਕਾਰਵਾਈਆਂ ਵੀ ਕੀਤੀਆਂ ਜਾਣਗੀਆਂ। ਇਸ ਟੀਮ ਨੂੰ ਨਿਗਮ ਦੀਆਂ ਟੀਮਾਂ ਵੀ ਸਹਿਯੋਗ ਦੇਣਗੀਆਂ। ਆਰਟੀਏ ਦਫ਼ਤਰ ਵਲੋਂ ਵੱਖਰੇ ਤੌਰ ’ਤੇ ਇਨ੍ਹਾਂ ਪੁਰਾਣੇ ਡੀਜ਼ਲ ਆਟੋ ਅਤੇ ਜੁਗਾੜੂ ਈ-ਰਿਕਸ਼ਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸੇ ਲੜੀ ਤਹਿਤ ਕਾਰਵਾਈ ਕਰਦੇ ਹੋਏ ਪੁਲੀਸ ਟੀਮ ਵੱਲੋਂ ਅੱਜ 10-15 ਵਾਹਨਾਂ ਦੇ ਚਲਾਨ ਕੱਟਣ ਦੀ ਚਿਤਾਵਨੀ ਦਿੱਤੀ ਗਈ ਅਤੇ ਨਾਲ ਹੀ ਇਨ੍ਹਾਂ ਦੇ ਚਾਲਕਾਂ ਨੂੰ ਈ-ਆਟੋ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਸੀਈਓ ਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਾਰੇ ਪੁਰਾਣੇ ਡੀਜ਼ਲ ਆਟੋ ਅਤੇ ਜੁਗਾੜੂ ਈ-ਰਿਕਸ਼ਾ ਚਾਲਕਾਂ ਅਤੇ ਕਿਰਾਏ ’ਤੇ ਲੈ ਕੇ ਚਲਾਉਣ ਵਾਲੇ ਚਾਲਕਾਂ ਨੂੰ ਅਪੀਲ ਕੀਤੀ ਕਿ ਪੁਲੀਸ ਪ੍ਰਸ਼ਾਸਨ ਅਤੇ ਆਰਟੀਏ ਦੀਆਂ ਕਾਰਵਾਈਆਂ ਤੋਂ ਬਚਣ ਲਈ ਉਹ ਅੰਮ੍ਰਿਤਸਰ ਸਮਾਰਟ ਸਿਟੀ ਦੀ ‘ਰਾਹੀ’ ਸਕੀਮ ਦਾ ਲਾਭ ਉਠਾਉਣ ਅਤੇ ਈ-ਆਟੋ ਵਾਸਤੇ ਆਪਣੀ ਰਜਿਸ਼ਟ੍ਰੇਸ਼ਨ ਕਰਵਾਉਣ।