ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਅਗਸਤ
ਅੰਮ੍ਰਿਤਸਰ ਵਿੱਚ ਤਰਨਤਾਰਨ ਰੋਡ ’ਤੇ ਬਣੇ ਪੁਲ ਦੇ ਹੇਠਾਂ ਰੇਲਵੇ ਟਰੈਕ ’ਤੇ ਲੋਕਾਂ ਦੀ ਸਹੂਲਤ ਲਈ 3.5 ਕਰੋੜ ਰੁਪਏ ਦੀ ਲਾਗਤ ਨਾਲ ਲਾਂਘਾ ਬਣਾਇਆ ਜਾਵੇਗਾ। ਇਹ ਖੁਲਾਸਾ ਗੁਰਜੀਤ ਸਿੰਘ ਔਜਲਾ ਸੰਸਦ ਮੈਂਬਰ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਪੁਲ ਬਣਿਆ ਹੈ। ਪੁਲ ਦੇ ਬਣਨ ਨਾਲ ਇਲਾਕੇ ਦੀ ਦਿੱਖ ਸੁੰਦਰ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲ ਦੇ ਬਣਨ ਨਾਲ ਪੁਲ ਦੇ ਹੇਠਾਂ ਰਹਿ ਰਹੇ ਲੋਕਾਂ ਨੂੰ ਅੰਡਰ ਪਾਥ ਨਾ ਹੋਣ ਦੀ ਸੂਰਤ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਵਲੋਂ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਗਿਆ ਸੀ। ਕੇਂਦਰ ਸਰਕਾਰ ਵਲੋਂ ਪੁਲ ਦੇ ਹੇਠਾਂ ਲਾਂਘਾ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਜਲਦੀ ਹੀ ਇਸ ’ਤੇ ਕੰਮ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਦੋ ਪੱਤਰ ਲਿਖੇ ਹਨ, ਜਿਨ੍ਹਾਂ ਵਿੱਚ ਜ਼ਹਿਰੀਲੀ ਸ਼ਰਾਬ ਵਿਚ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 10-10 ਲੱਖ ਰੁਪਏ ਦੇਣ ਬਾਰੇ ਕਿਹਾ ਗਿਆ ਹੈ ਅਤੇ ਦੂਜੇ ਪੱਤਰ ਵਿੱਚ ਯੂਰੀਆ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।