ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਮਾਰਚ
ਪੁਲੀਸ ਵਲੋਂ ਗ੍ਰਿਫਤਾਰ ਕੀਤਾ ਦਾਤਰ ਗਰੋਹ ਦਾ ਇਕ ਮੈਂਬਰ ਵੇਰਕਾ ਪੁਲੀਸ ਥਾਣੇ ਦੀ ਹਵਾਲਾਤ ਵਿਚੋਂ ਭੱਜਣ ਵਿਚ ਸਫਲ ਹੋ ਗਿਆ ਹੈ।
ਇਸ ਮੁਲਜ਼ਮ ਦੀ ਸ਼ਨਾਖਤ ਗੌਰਵਦੀਪ ਸਿੰਘ ਵਾਸੀ ਪਿੰਡ ਜਹਾਂਗੀਰ ਵਜੋਂ ਦੱਸੀ ਗਈ ਹੈ ਅਤੇ ਉਸ ਦੇ ਖਿਲਾਫ ਥਾਣਾ ਵੇਰਕਾ ਵਿਖੇ ਇਕ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਕਾਂਸਟੇਬਲ ਚਰਨਾਮਿਤਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦਾਤਰ ਗਰੋਹ ਦੇ ਤਿੰਨ ਮੈਂਬਰ ਕਾਬੂ ਕੀਤੇ ਸਨ, ਜਿਨ੍ਹਾਂ ਵਿਚ ਸੁਖਪਾਲ ਸਿੰਘ ਉਰਫ ਸੁੱਖਾ, ਰਣਦੀਪ ਸਿੰਘ ਉਰਫ ਮੋਟਾ ਦੋਵੇਂ ਵਾਸੀ ਪਿੰਡ ਸੋਹੀਆਂ ਖੁਰਦ ਅਤੇ ਗੌਰਵਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਪ੍ਰਾਪਤ ਕੀਤਾ ਸੀ। ਇਨ੍ਹਾਂ ਤਿੰਨਾਂ ਨੂੰ ਥਾਣਾ ਵੇਰਕਾ ਵਿਖੇ ਦਰਜ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਲਗਪਗ ਦਸ ਵਜੇ ਮੁਲਜ਼ਮ ਸੁਖਪਾਲ ਨੇ ਹਵਾਲਾਤ ਵਿਚੋਂ ਪਖਾਨਾ ਘਰ ਲਿਜਾਣ ਲਈ ਆਖਿਆ। ਜਦੋਂ ਉਹ ਉਸ ਨੂੰ ਵਾਪਸ ਹਵਾਲਾਤ ਵਿਚ ਬੰਦ ਕਰ ਰਿਹਾ ਸੀ ਤਾਂ ਅਚਾਨਕ ਗੌਰਵਦੀਪ ਨੇ ਆ ਕੇ ਉਸ ਨੂੰ ਧੱਕਾ ਮਾਰਿਆ। ਉਸ ਨੇ ਅਤੇ ਏਐਸਆਈ ਸਰਵਣ ਸਿੰਘ ਨੇ ਉਸ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਉਹ ਦੋਵਾਂ ਨੂੰ ਧੱਕਾ ਦੇਣ ਮਗਰੋਂ ਥਾਣੇ ਵਿਚੋਂ ਬਾਹਰ ਨਿਕਲ ਗਿਆ ਅਤੇ ਭੱਜਣ ਵਿਚ ਸਫਲ ਹੋ ਗਿਆ। ਇਨ੍ਹਾਂ ਨੂੰ ਪੁਲੀਸ ਨੇ ਲੁੱਟਾਂ ਖੋਹਾਂ ਦੇ ਦੋਸ਼ ਵਿਚ ਬੀਤੇ ਦਿਨ ਕਾਬੂ ਕੀਤਾ ਸੀ।