ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 3 ਮਾਰਚ
ਖ਼ਾਲਸਾ ਕਾਲਜ ਵਿੱਚ ਚੱਲ ਰਹੇ 4 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਦੂਜਾ ਦਿਨ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਿਹਾ। ਕਾਲਜ ਦੇ ਥੀਏਟਰ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਦੇ ਜੀਵਨ ਤੇ ਅਨਮੋਲ ਪ੍ਰਵਚਨਾਂ ਨੂੰ ਉਜਾਗਰ ਕਰਦਾ ਪ੍ਰੋ. ਦਵਿੰਦਰ ਸਿੰਘ ਦਾ ਲਿਖਿਆ ਨਾਟਕ ‘ਵਿਸਮਾਦ’ ਵਿਦਿਆਰਥੀਆਂ ਨੇ ਈਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ।
ਅੱਜ ‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਵਿਸ਼ੇ ’ਤੇ 2 ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਗਾਜ਼ ਕੀਤਾ ਗਿਆ। ਉੱਘੇ ਸਿੱਖ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਵੱਖ-ਵੱਖ ਉਤਪਾਦਨ ਸਰੋਤ ਵਸਤਾਂ ਪੈਦਾ ਕਰਦੇ ਹਨ ਜਦੋਂਕਿ ਸਾਹਿਤ ਅਰਥਾਂ ਦਾ ਉਤਪਾਦਨ ਕਰਦਾ ਹੈ।
ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜਿਆਂ ਦੇ ਦੁੱਖ ਨਿਵਾਰਣ ਵਾਸਤੇ ਸ਼ਹਾਦਤ ਦਿੱਤੀ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਪ੍ਰੋ. ਰਾਣਾ ਨਈਅਰ ਨੇ ਈਸਾਈ, ਯਹੂਦੀ ਅਤੇ ਇਸਲਾਮ ਧਰਮ ਦੇ ਹਵਾਲੇ ਨਾਲ ਸ਼ਹਾਦਤ ਨੂੰ ਪੁਨਰ-ਪ੍ਰਭਾਸ਼ਿਤ ਕਰਦਿਆਂ ਕਿਹਾ ਕਿ ਸਮਾਜ ਹਿੱਤ ਲਈ ਆਪਣੀ ਮਰਜ਼ੀ ਨਾਲ ਆਪਣੇ ਜੀਵਨ ਦਾ ਤਿਆਗ ਕਰਕੇ ਮੌਤ ਦੀ ਚੋਣ ਕਰਨਾ ਹੀ ਅਸਲੀ ਸ਼ਹਾਦਤ ਹੈ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਆਪਣੀਆਂ ਧਾਰਮਿਕ ਰਵਾਇਤਾਂ ਨੂੰ ਕਾਇਮ ਰੱਖਦਿਆਂ ਸਾਰੇ ਗੁਰੂ ਸਹਬਿਾਨਾਂ ਦੇ ਗੁਰਪੁਰਬ ਤੇ ਪੰਥਕ ਦਿਹਾੜੇ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਕਾਲਜ ਦੇ ਗੁਰਦੁਆਰੇ ’ਚ ਸ਼ਰਧਾ ਨਾਲ ਮਨਾਉਂਦਾ ਆ ਰਿਹਾ ਹੈ। ਇਸ ਮੌਕੇ ਗੁਰੂ ਤੇਗ ਬਹਾਦਰ ਨੂੰ ਸਮਰਪਿਤ 2 ਪੁਸਤਕਾਂ ‘ਸ੍ਰੀ ਗੁਰੂ ਤੇਗ ਬਹਾਦਰ: ਬਾਣੀ ਤੇ ਸ਼ਹਾਦਤ ਦਾ ਗੌਰਵ’ ਅਤੇ ‘ਸ੍ਰੀ ਗੁਰੂ ਤੇਗ ਬਹਾਦਰ: ਜੀਵਨ ਫ਼ਲਸਫ਼ਾ ਤੇ ਸ਼ਹਾਦਤ’ ਰਿਲੀਜ਼ ਕੀਤੀਆਂ ਗਈਆਂ।
ਦੂਜੇ ਅਕਾਦਮਿਕ ਸੈਸ਼ਨ ਵਿਚ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰੂ ਤੇਗ ਬਹਾਦਰ ਦੀ ਬਾਣੀ ਤੇ ਸ਼ਹਾਦਰ ਦੇ ਵੱਖ-ਵੱਖ ਪਹਿਲੂਆਂ ਨੂੰ ਇਤਿਹਾਸਕ ਹਵਾਲਿਆਂ ਨਾਲ ਭਾਵਪੂਰਤ ਅੰਦਾਜ਼ ’ਚ ਬਿਆਨ ਕੀਤਾ।
ਅੱਜ ਹੋਏ ਕਵੀ ਦਰਬਾਰ ਵਿਚ ਉੱਘੇ ਸ਼ਾਇਰ ਗੁਰਤੇਜ ਕੋਹਾਰਵਾਲਾ ਮੁੱਖ ਮਹਿਮਾਨ ਸਨ ਤੇ ਪ੍ਰਧਾਨਗੀ ਸ੍ਰੀ ਅਜਾਇਬ ਹੁੰਦਲ ਨੇ ਕੀਤੀ। ਇਸ ਦੌਰਾਨ ਕਹਾਣੀਕਾਰਾ ਸੋਮਾ ਸਬਲੋਕ ਦੇ ਕਥਾ ਸੰਸਾਰ ਬਾਰੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਹੀਰਾ ਸਿੰਘ ਵਲੋਂ ਸੰਪਾਦਿਤ ਅਲੋਚਨਾ ਪੁਸਤਕ ‘ਸੋਮਾ ਸਬਲੋਕ ਦਾ ਕਥਾ ਸੰਸਾਰ: ਇਕ ਅਧਿਐਨ’ ਅਤੇ ਸੁੱਚਾ ਸਿੰਘ ਰੰਧਾਵਾ ਦਾ ਨਾਵਲ ਚੌਰਾਸੀ ਦੇ ਆਰ-ਪਾਰ ਰਿਲੀਜ਼ ਕੀਤਾ ਗਿਆ।