ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਅਪਰੈਲ
ਅੰਮ੍ਰਿਤਸਰ ਗੈਸ ਡੀਲਰ ਐਸੋਸੀਏਸ਼ਨ ਨੇ ਆਪਣੀਆਂ ਮੁਸ਼ਕਲਾਂ ਤੋਂ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਕਰਵਾਇਆ। ਇਸ ਮੌਕੇ ਮੇਅਰ ਵੱਲੋਂ ਗੈਸ ਡੀਲਰ ਐਸੋਸੀਏਸ਼ਨ ਨੂੰ ਹਰ ਸੰਭਵ ਹੱਲ ਦਾ ਭਰੋਸਾ ਦਿੱਤਾ ਗਿਆ।
ਗੈਸ ਡੀਲਰ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਪ੍ਰਧਾਨ ਜੋਗਿੰਦਰਪਾਲ ਢੀਂਗਰਾ ਤੇ ਅਨੁਜ ਸਿੱਕਾ ਅਤੇ ਮਨਜਿੰਦਰ ਸਿੰਘ ਠੇਕੇਦਾਰ ਦੀ ਪ੍ਰਧਾਨਗੀ ਹੇਠ ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਨਾਲ ਮੁਲਾਕਾਤ ਕੀਤੀ । ਉਨ੍ਹਾਂ ਗੁਜਰਾਤ ਗੈਸ ਏਜੰਸੀ ਵੱਲੋਂ ਅੰਮ੍ਰਿਤਸਰ ਸ਼ਹਿਰ ਵਿਖੇ ਸ਼ੁਰੂ ਕੀਤੇ ਜਾਣ ਵਾਲੇ ਕਾਰੋਬਾਰ ਅਤੇ ਇਸ ਨਾਲ ਉਨ੍ਹਾਂ ਦੇ ਕਾਰੋਬਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸ਼ਹਿਰ ਵਿਚ ਤਕਰੀਬਨ 40 ਗੈਸ ਏਜੰਸੀਆਂ ਹਨ, ਜੋ ਕਈ ਸਾਲਾਂ ਤੋਂ ਸ਼ਹਿਰ ਵਿੱਚ ਕੰਮ ਕਰ ਰਹੀਆਂ ਹਨ।
ਹੁਣ ਭਾਰਤ ਸਰਕਾਰ ਵੱਲੋਂ ਗੁਜਰਾਤ ਗੈਸ ਏਜੰਸੀ ਨੂੰ ਗੈਸ ਪਾਈਪ ਲਾਈਨ ਵਿਛਾਉਣ ਅਤੇ ਕੁਨੈਕਸ਼ਨ ਦੇਣ ਦਾ ਠੇਕਾ ਦੇ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਨਾਲ ਧੱਕਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਨੂੰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਆਵਾਜ਼ ਉਠਾਉਣ ਵਿਚ ਸਹਿਯੋਗ ਦੇਣ। ਇਸ ਮੌਕੇ ਮੇਅਰ ਨੇ ਆਏ ਹੋਏ ਗੈਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਵਾਇਆ ਕਿ ਉਹ ਜਲਦੀ ਹੀ ਇਸ ਸਬੰਧ ਵਿਚ ਰਾਜ ਸਰਕਾਰ ਨੂੰ ਵੀ ਜਾਣੂੰ ਕਰਵਾਉਣਗੇ।