ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਸਤੰਬਰ
ਜਸਪਾਲ ਹੰਜਰਾਅ ਸਾਹਿਤਕ ਮੰਚ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਾਹਿਤਕ ਵਿਚਾਰ ਮੰਚ ਦੇ ਸਹਿਯੋਗ ਨਾਲ ਅੱਜ ਇਥੇ ਹਰਪਾਲ ਸਿੰਘ ਨਾਗਰਾ ਦੀ ਸੰਪਾਦਤ ਪੁਸਤਕ ਪ੍ਰਿੰਸੀਪਲ ਪ੍ਰੀਤਮ ਸਿੰਘ ਦੀ ਸਵੈ-ਜੀਵਨੀ ‘ਅਮਲ ਜਿ ਕੀਤੇ ਦੁਨੀ ਵਿਚਿ’ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਸ੍ਰੀ ਨਾਗਰਾ ਨੇ ਪੁਸਤਕ ਬਾਰੇ ਦੱਸਿਆ ਕਿ ਪ੍ਰਿੰਸੀਪਲ ਪ੍ਰੀਤਮ ਸਿੰਘ ਨੇ ਆਪਣੀ ਸਵੈ-ਜੀਵਨੀ ਵਿਚ ਇਕ ਅਧਿਆਪਕ ਵਜੋਂ ਨਿਭਾਈਆਂ ਭੂਮਿਕਾਵਾਂ, ਨੌਕਰੀ ਦੌਰਾਨ ਹੋਏ ਤਜਰਬੇ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਦੇ ਵੇਰਵੇ ਸ਼ਾਮਲ ਕੀਤੇ ਹਨ। ਡਾ. ਹੀਰਾ ਸਿੰਘ ਨੇ ਕਿਹਾ ਕਿ ਪ੍ਰੀਤਮ ਸਿੰਘ ਹੁਰਾਂ ਦੀ ਸਵੈ-ਜੀਵਨੀ ਅੱਜ ਦੇ ਅਧਿਆਪਕਾਂ ਲਈ ਬਹੁਤ ਲਾਹੇਵੰਦ ਹੋਵੇਗੀ। ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਪ੍ਰੀਤਮ ਸਿੰਘ ਹੁਰਾਂ ਵੱਲੋਂ ਪੜ੍ਹਾਉਣ ਦੇ ਦਿੱਤੇ ਵੇਰਵੇ ਸਿੱਖਿਆਦਾਇਕ ਹਨ। ਹਰਜੀਤ ਸਿੰਘ ਸੰਧੂ ਨੂੰ ਵਧੀਆ ਰੰਗਕਰਮੀ ਤੇ ਲੇਖਕ ਵਜੋਂ ਅਤੇ ਪ੍ਰਿੰਸੀਪਲ ਪ੍ਰੀਤਮ ਸਿੰਘ ਨੂੰ ਉਚਪਾਏ ਦੀ ਸਹਿਜੀਵਨੀ ਲਿਖਣ ’ਤੇ ਸਨਮਾਨਿਤ ਕੀਤਾ ਗਿਆ।