ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਮਈ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਹੈ ਕਿ ਬਣਾਏ ਜਾ ਰਹੇ ਨਵੇਂ ਐਕਸਪ੍ਰੈਸ ਮਾਰਗ ਦੇ ਬਜਟ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਨੇ ਕੁੱਝ ਪੁਲ ਪਿੱਲਰਾਂ ਵਾਲੇ ਬਣਾਉਣ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਨੂੰ ਭੇਜੇ ਪੱਤਰ ਵਿੱਚ ਸ੍ਰੀ ਔਜਲਾ ਨੇ ਆਖਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਾਸ਼ਟਰੀ ਮਾਰਗ ਅਤੇ ਬਾਈਪਾਸ ਵਿਖੇ ਬਣਾਏ ਜਾ ਰਹੇ ਪੁਲਾਂ ਨੂੰ ਪਿੱਲਰਾਂ ਵਾਲੇ ਪੁਲ ਬਣਾਏ ਜਾਣ। ਉਨ੍ਹਾਂ ਇਸ ਸਬੰਧ ਵਿੱਚ ਦਬੁਰਜੀ , ਡਰੀਮ ਸਿਟੀ , ਮਾਨਾਂਵਾਲਾ, ਹਾਈਵੇਅ 54 ਅਤੇ ਰਿੰਗ ਰੋਡ ਆਦਿ ਥਾਵਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਖੁ਼ਦ ਕੇਂਦਰੀ ਮੰਤਰੀ ਨੂੰ ਮਿਲੇ ਸਨ ਅਤੇ ਪਿੱਲਰਾਂ ਵਾਲੇ ਪੁਲ ਬਣਾਉਣ ਦੀ ਮੰਗ ਕੀਤੀ ਸੀ। ਸੰਸਦ ਦੇ ਸੈਸ਼ਨ ਤੋਂ ਬਾਅਦ ਇਸ ਸਬੰਧੀ ਹੁਣ ਤੀਜਾ ਯਾਦ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਭਵਿੱਖ ਦੀਆਂ ਯੋਜਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਪੁਲ ਬਣਾਉਣ ਦੇ ਬਜਟ ਵਿਚ ਵੀ ਵਾਧਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ, ਜਿਸ ਕਾਰਨ ਨਿਤ ਦਿਨ ਆਵਾਜ਼ਾਈ ਵਿਚ ਵਾਧਾ ਹੋ ਰਿਹਾ ਹੈ। ਇਸ ਲਈ ਵਧੇਰੇ ਸੜਕਾਂ ਨੂੰ ਛੇ ਮਾਰਗੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਰੋਡ ’ਤੇ ਬਣਾਏ ਮੌਜੂਦਾ ਪੁਲ ਨੂੰ ਗੋਲਡਨ ਗੇਟ ਤਕ ਛੇ ਮਾਰਗੀ ਕਰਨ ਦੀ ਲੋੜ ਹੈ। ਅੰਮ੍ਰਿਤਸਰ ਅਟਾਰੀ ਰੋਡ ’ਤੇ ਡਰੇਨ ਸਰਵਿਸ ਲੇਨ ਬਣਾਉਣ ਦੀ ਲੋੜ ਹੈ। ਰਣਜੀਤ ਐਵੀਨਿਊ ਕਰਾਸਿੰਗ ’ਤੇ ਛੋਟੇ ਪੁਲ ਨੂੰ ਚੌੜਾ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਸਿਰਫ 200 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਨਾ ਕਾਫੀ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਨਿੱਜੀ ਦਖਲ ਦੇਣ।